ਮੰਤਰੀ ਜਿੰਪਾ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ : ਪੰਜਾਬੀਆਂ ਲਈ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਜਲਦ ਮਥੁਰਾ-ਵ੍ਰਿੰਦਾਵਨ ਤੱਕ ਚਲਾਉਣ ਦਾ ਹੁੰਗਾਰਾ

0
1934

ਚੰਡੀਗੜ੍ਹ | ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀਆਂ ਕੋਸ਼ਿਸ਼ਾਂ ਸਦਕਾ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਦੇ ਮਥੁਰਾ-ਵਰਿੰਦਾਵਨ ਤੱਕ ਚੱਲਣ ਦੀ ਉਮੀਦ ਬਣ ਗਈ ਹੈ। ਇਸ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸਬੰਧਤ ਡਾਇਰੈਕਟੋਰੇਟ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗ ਲਈ ਹੈ।

ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੋਆਬਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਉਣ ਲਈ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਸੀ। ਜਵਾਬੀ ਪੱਤਰ ਵਿਚ ਕੇਂਦਰੀ ਰੇਲ ਮੰਤਰੀ ਨੇ ਜਿੰਪਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਉਕਤ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਬੰਧਤ ਡਾਇਰੈਕਟੋਰੇਟ ਨੂੰ ਕਹਿ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਜਿੰਪਾ ਨੇ ਮੰਗ ਕੀਤੀ ਸੀ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੋਆਬਾ ਦਾ ਅਹਿਮ ਰੇਲਵੇ ਸਟੇਸ਼ਨ ਹੈ। ਬਹੁਤ ਸਾਰੇ ਸ਼ਰਧਾਲੂ ਹੁਸ਼ਿਆਰਪੁਰ ਰਾਹੀਂ ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ। ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਤੇ ਮਕਲੋਡਗੰਜ ਦੀ ਯਾਤਰਾ ਲਈ ਵੀ ਹੁਸ਼ਿਆਰਪੁਰ ਰਾਹੀਂ ਹੀ ਜਾਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਮਥੁਰਾ-ਵਰਿੰਦਾਵਨ ਜਾਣ ਲਈ ਹੁਸ਼ਿਆਰਪੁਰ ਅਤੇ ਦੋਆਬਾ ਖੇਤਰ ਦੇ ਤੀਰਥ ਯਾਤਰੀਆਂ ਨੂੰ ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਅੱਗੇ ਹੋਰ ਸਾਧਨਾਂ ਵਿਚ ਸਵਾਰ ਹੋਣਾ ਪੈਂਦਾ ਹੈ। ਜਿੰਪਾ ਨੇ ਮੰਗ ਕੀਤੀ ਸੀ ਕਿ ਤੀਰਥ ਯਾਤਰੀਆਂ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਪੈਸੰਜਰ ਟਰੇਨ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਇਆ ਜਾਵੇ ਅਤੇ ਹੁਣ ਕੇਂਦਰੀ ਰੇਲ ਮੰਤਰੀ ਦੇ ਸਾਕਾਰਾਤਮਕ ਰਵੱਈਏ ਸਦਕਾ ਇਹ ਮੁੱਦਾ ਜਲਦ ਹੱਲ ਹੋਣ ਦੀ ਆਸ ਬੱਝ ਗਈ ਹੈ।