ਜਲੰਧਰ| ਬਾਲੀਵੁੱਡ ਤੇ ਪੰਜਾਬੀ ਗਾਇਕ ਮਾਸਟਰ ਸਲੀਮ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਮੈਂਬਰਾਂ ਨੇ ਹਿਮਾਚਲ ਦੇ ਊਨਾ ਜ਼ਿਲੇ ਦੇ ਭਰਵਾਈ ਥਾਣੇ ‘ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਲੀਮ ਨੇ ਇਕ ਪ੍ਰੋਗਰਾਮ ਦੌਰਾਨ ਇਕ ਟਿੱਪਣੀ ਕੀਤੀ ਸੀ। ਜਿਸ ‘ਤੇ ਚਿੰਤਪੁਰਨੀ ਮੰਦਰ ਦੇ ਪੁਜਾਰੀ ਨਾਰਾਜ਼ ਹੋ ਗਏ। ਇਸ ਦੌਰਾਨ ਸਲੀਮ ਨੇ ਹੁਣ ਪੁਜਾਰੀਆਂ ਤੋਂ ਮੁਆਫੀ ਮੰਗ ਲਈ ਹੈ।
ਸਲੀਮ ਨੇ ਸਨਾਤਨ ਧਰਮ ਨਾਲ ਕੀਤਾ ਖਿਲਵਾੜ : ਯੋਗਰਾਜ ਸ਼ਰਮਾ
ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਚੰਦਰਕਾਂਤ ਚੱਢਾ ਨੇ ਕਿਹਾ ਕਿ ਗਾਇਕ ਮਾਸਟਰ ਸਲੀਮ ਉਤੇ ਮਾਂ ਚਿੰਤਪੁਰਨੀ ਦਰਬਾਰ ਦੇ ਪੁਜਾਰੀਆਂ ਤੇ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਨਾਲ ਖਿਲਵਾੜ ਕਰਨ, ਦੋ ਫਿਰਕਿਆਂ ‘ਚ ਦੰਗੇ ਭੜਕਾਉਣ ਅਤੇ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਮਾਂ ਚਿੰਤਪੂਰਨੀ ਦੇ ਪੁਜਾਰੀਆਂ ਦਾ ਨਾਂ ਲੈ ਕੇ ਝੂਠੀ ਅਫਵਾਹ ਫੈਲਾਈ ਹੈ।
ਪੁਜਾਰੀਆਂ ਵਿੱਚ ਗੁੱਸਾ
ਇਸ ਦੇ ਨਾਲ ਹੀ ਚਿੰਤਪੁਰਨੀ ਮੰਦਿਰ ਦੇ ਪੰਡਿਤ ਰਵਿੰਦਰ ਕਾਲੀਆ ਨੇ ਕਿਹਾ ਕਿ ਮਾਸਟਰ ਸਲੀਮ ਪਿਛਲੇ 30 ਸਾਲਾਂ ਤੋਂ ਮਾਤਾ ਦੇ ਦਰਬਾਰ ‘ਚ ਆ ਰਹੇ ਹਨ, ਪਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਮੁਰਾਦ ਸ਼ਾਹ ਜੀ ਦੇ ਡੇਰੇ ‘ਚ ਪੁਜਾਰੀਆਂ ਦਾ ਨਾਂਅ ਲੈ ਕੇ ਜੋ ਟਿੱਪਣੀ ਕੀਤੀ ਹੈ, ਉਹ ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਦੀ ਕਦੇ ਬਾਬਾ ਮੁਰਾਦ ਸ਼ਾਹ ਨੂੰ ਲੈ ਕੇ ਸਲੀਮ ਨਾਲ ਗੱਲਬਾਤ ਨਹੀਂ ਹੋਈ।
ਆਪਣੀ ਗਲਤੀ ਮੰਨੋ ਅਤੇ ਮਾਂ ਤੋਂ ਮਾਫੀ ਮੰਗੇ
ਰਵਿੰਦਰ ਕਾਲੀਆ ਸਮੇਤ ਪੁਜਾਰੀਆਂ ਵਿੱਕੀ ਕਾਲੀਆ, ਗੌਰਵ ਕਾਲੀਆ, ਰਿਤੇਸ਼ ਕਾਲੀਆ, ਸੁਮਿਤ ਕਾਲੀਆ, ਦੀਪਕ ਕਾਲੀਆ ਨੇ ਕਿਹਾ ਕਿ ਮਾਸਟਰ ਸਲੀਮ ਨੂੰ ਆਪਣੀ ਗਲਤੀ ਮੰਨ ਕੇ ਮਾਤਾ ਜੀ ਦੇ ਦਰਬਾਰ ਵਿੱਚ ਮੁਆਫੀ ਮੰਗਣੀ ਚਾਹੀਦੀ ਹੈ।
ਮਾਸਟਰ ਸਲੀਮ ਨੇ ਮੁਆਫੀ ਮੰਗੀ
ਇਸ ਵਿਵਾਦ ‘ਤੇ ਮਾਸਟਰ ਸਲੀਮ ਨੇ ਮੁਆਫੀ ਮੰਗ ਲਈ ਹੈ। ਉਸ ਨੇ ਦੱਸਿਆ ਕਿ ਉਹ ਚਿੰਤਪੁਰਨੀ ਦਰਬਾਰ ਸਾਹਿਬ ਗਏ ਸਨ। ਆਪਣੀ ਮਾਂ ਅੱਗੇ ਮੱਥਾ ਟੇਕਣ ਤੋਂ ਬਾਅਦ, ਇੱਕ ਪੁਜਾਰੀ ਨੇ ਉਸ ਤੋਂ ਸਾਈਂ ਜੀ ਦਾ ਹਾਲ ਪੁੱਛਿਆ। ਸਲੀਮ ਨੇ ਕਿਹਾ ਕਿ ਉਹ ਬਾਬਾ ਮੁਰਾਦ ਸ਼ਾਹ ਅਤੇ ਲਾਡੀ ਸ਼ਾਹ ਜੀ ਨੂੰ ਆਪਣਾ ਪਿਤਾ ਮੰਨਦਾ ਹੈ, ਕਿਉਂਕਿ ਉਹ ਉਨ੍ਹਾਂ ਦੇ ਗੁਰੂ ਹਨ। ਮੈਂ ਸ਼ੁਰੂ ਤੋਂ ਹੀ ਬਾਬਾ ਮੁਰਾਦ ਸ਼ਾਹ ਜੀ ਨੂੰ ਆਪਣਾ ਪਿਤਾ ਆਖਦਾ ਰਿਹਾ ਹਾਂ ਅਤੇ ਅਚਾਨਕ ਮੇਰੇ ਮੂੰਹੋਂ ਇਹ ਸ਼ਬਦ ਨਿਕਲੇ।
ਉਹ ਕਦੇ ਵੀ ਕਿਸੇ ਦੀ ਤੁਲਨਾ ਮਾਤਾ ਰਾਣੀ ਨਾਲ ਨਹੀਂ ਕਰ ਸਕਦਾ। ਮਾਤਾ ਰਾਣੀ ਸਾਰੇ ਸੰਸਾਰ ਦੀ ਮਾਤਾ ਹੈ। ਸਾਈਂ ਜੀ ਨੇ ਖੁਦ ਮੈਨੂੰ ਮਾਤਾ ਰਾਣੀ ਦਾ ਗੁਣਗਾਨ ਕਰਨ ਲਈ ਕਿਹਾ ਸੀ। ਮਾਤਾ ਚਿੰਤਪੁਰਨੀ ਵੀ ਸਾਡੇ ਗੁਰੂਆਂ ਦੀ ਮਾਂ ਹੈ। ਸਾਡੇ ਕੁਝ ਭਰਾਵਾਂ ਨੂੰ ਮੇਰੇ ਇਸ ਤਰੀਕੇ ਨਾਲ ਬੋਲਣ ‘ਤੇ ਇਤਰਾਜ਼ ਸੀ, ਜਿਸ ਕਾਰਨ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।
ਸਲੀਮ ਨੇ ਪ੍ਰੋਗਰਾਮ ‘ਚ ਇਹ ਗੱਲ ਕਹੀ ਸੀ
ਗਾਇਕ ਮਾਸਟਰ ਸਲੀਮ ਨੇ ਪ੍ਰੋਗਰਾਮ ‘ਚ ਸਟੇਜ ‘ਤੇ ਚਿੰਤਪੁਰਨੀ ਮੰਦਿਰ ਦੇ ਪੁਜਾਰੀਆਂ ਦਾ ਨਾਂਅ ਲੈਂਦਿਆਂ ਕਿਹਾ ਸੀ ਕਿ ਇੱਥੋਂ ਦੇ ਪੁਜਾਰੀਆਂ ਨੇ ਪੁੱਛਿਆ ਸੀ ਕਿ ਪਿਤਾ ਬਾਬਾ ਮੁਰਾਦ ਸ਼ਾਹ ਦਾ ਕੀ ਹਾਲ ਹੈ। ਇਸ ਬਿਆਨ ਤੋਂ ਬਾਅਦ ਸਲੀਮ ਹੁਣ ਵਿਵਾਦਾਂ ‘ਚ ਘਿਰ ਗਏ ਹਨ।