ਮਾਨਸਾ : ਬੱਸ ਸਟੈਂਡ ਦੇ ਬਾਹਰ ਚਚੇਰੀਆਂ ਭੈਣਾਂ ‘ਤੇ ਡਿੱਗਾ ਬਿਜਲੀ ਦਾ ਖੰਭਾ, ਇਕ ਦੀ ਮੌਤ, 3 ਜ਼ਖਮੀ

0
851

ਬੁਢਲਾਡਾ/ਮਾਨਸਾ | ਸ਼ਹਿਰ ਦੇ ਬੱਸ ਸਟੈਂਡ ਦੇ ਮੇਨ ਗੇਟ ‘ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਇਕ ਦੀ ਮੌਤ ਤੇ 3 ਔਰਤਾਂ ਜ਼ਖਮੀ ਹੋ ਗਈਆਂ।

ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਮੁੱਖ ਗੇਟ ‘ਤੇ ਠੇਕੇਦਾਰ ਵੱਲੋਂ ਟਾਈਲਾਂ ਲਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਬੱਸ ਸਟੈਂਡ ਦੇ ਗੇਟ ਦੇ ਬਾਹਰ ਲੱਗਾ ਖੰਭਾ ਡਿੱਗ ਗਿਆ ਤੇ ਉਥੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀਆਂ 4 ਚਚੇਰੀਆਂ ਭੈਣਾਂ ਜੋ ਆਪਣੇ ਮ੍ਰਿਤਕ ਭਰਾ ਦੇ ਭੋਗ ਦੀ ਰਸਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਿੰਡ ਜਵਾਹਰਕੇ ਤੋਂ ਬੁਢਲਾਡਾ ਬੱਸ ਸਟੈਂਡ ਪਹੁੰਚੀਆਂ ਸਨ, ਪਿੰਡ ਰੱਲੀ ਜਾਣ ਲਈ ਸਾਧਨ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਉਨ੍ਹਾਂ ‘ਤੇ ਖੰਭਾ ਡਿੱਗ ਗਿਆ।

ਖੰਭਾ ਡਿੱਗਣ ਨਾਲ ਬਲਜੀਤ ਕੌਰ (45) ਪਤਨੀ ਰਾਮ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਮਨਜੀਤ ਕੌਰ (45), ਵੀਰਪਾਲ ਕੌਰ (50) ਤੇ ਰਾਜਵੀਰ ਕੌਰ (40) ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ।

ਜ਼ਖਮੀ ਮਨਜੀਤ ਕੌਰ ਨੇ ਦੱਸਿਆ ਕਿ ਅਚਾਨਕ ਖੰਭਾ ਉਨ੍ਹਾਂ ਉੱਪਰ ਡਿੱਗ ਗਿਆ ਤੇ ਉਨ੍ਹਾਂ ਨੂੰ ਕਰੰਟ ਵੀ ਲੱਗਾ। ਮੇਰੀ ਵੱਡੀ ਭੈਣ ਬਲਜੀਤ ਕੌਰ ਖੰਭੇ ਹੇਠਾਂ ਦੱਬ ਗਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਏਐੱਸਪੀ ਮਨਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।