ਮਾਨਸਾ, 24 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ 2 ਲਾਵਾਰਿਸ ਮਰੀਜ਼ਾਂ ਨੂੰ ਡਾਕਟਰਾਂ ਦੇ ਕਹਿਣ ’ਤੇ ਐਂਬੂਲੈਂਸ ਡਰਾਈਵਰ ਨੇ ਦੂਰ-ਦੁਰਾਡੇ ਸੁੱਟ ਦਿੱਤਾ ਜਿਥੇ ਇਕ ਮਰੀਜ਼ ਦੀ ਮੌਤ ਹੋ ਗਈ ਜਦੋਂਕਿ ਦੂਸਰੇ ਮਰੀਜ਼ ਨੂੰ ਸਮਜਸੇਵੀਆਂ ਨੇ ਮਾਨਸਾ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਸਮਾਜਸੇਵੀ ਨਿਰਭੈ ਸਿੰਘ ਉਰਫ਼ ਬੱਬੀ ਨੇ ਦੱਸਿਆ ਕਿ ਇਸ ਸਬੰਧੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਹ ਬਹੁਤ ਵੱਡਾ ਮਾਮਲਾ ਹੈ। ਮਰੀਜ਼ਾਂ ਨੂੰ ਲਾਵਾਰਿਸ ਥਾਂ ’ਤੇ ਸੁੱਟਣ ਵਾਲੇ ਐਂਬੂਲੈਂਸ ਡਰਾਈਵਰ ਨੇ ਡਾਕਟਰਾਂ ਦਾ ਨਾਂ ਲੈਂਦੇ ਹੋਏ ਉਸ ਨੂੰ ਪੈਸੇ ਦੇ ਕੇ ਮਰੀਜ਼ਾਂ ਨੂੰ ਸੁੱਟਣ ਦੀ ਗੱਲ ਕਹੀ ਹੈ। ਐਡਵੋਕੇਟ ਲਖਵਿੰਦਰ ਲਖਣਪਾਲ ਨੇ ਕਿਹਾ ਕਿ ਮਰੀਜ਼ਾਂ ਨੂੰ ਬਾਹਰ ਸੁੱਟਣਾ ਮੰਦਭਾਗੀ ਗੱਲ ਹੈ।
ਇਸ ਮਾਮਲੇ ਸਬੰਧੀ SMO ਨੇ ਦੱਸਿਆ ਕਿ ਸਿਵਲ ਸਰਜਨ ਮਾਨਸਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨੇ ਕਿਹਾ ਕਿ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਹੈ। ਟੀਮ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤਕ ਮਰੀਜ਼ਾਂ ਨੂੰ ਬਾਹਰ ਸੁੱਟਣ ਦਾ ਕਾਰਨ ਨਹੀਂ ਪਤਾ ਲੱਗਾ।






































