ਮਾਨਸਾ, 22 ਸਤੰਬਰ | ਇਥੋਂ ਇਕ ਬੇਹੱਦ ਮੰਦਭਾਗੀ ਖਬਰ ਆਈ ਹੈ। ਪਿੰਡ ਖਿਆਲਾ ਕਲਾਂ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਕਾਰਨ ਜੂਝ ਰਹੀ ਮਜ਼ਦੂਰ ਔਰਤ ਹਰਬੰਸ ਕੌਰ ਪਤਨੀ ਬਲਦੇਵ ਸਿੰਘ ਉਮਰ (65) ਸਾਲ ਦੀ ਮੌਤ ਹੋ ਗਈ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ 4 ਦਿਨ ਪਹਿਲਾਂ ਇਸ ਔਰਤ ਦੇ ਨੌਜਵਾਨ ਪੁੱਤਰ ਰਣਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਜਾਨ ਦੇ ਦਿੱਤੀ ਸੀ। ਹਾਲੇ ਉਸਦਾ ਸਿਵਾ ਠੰਡਾ ਵੀ ਨਹੀਂ ਹੋਇਆ ਸੀ ਕਿ ਉਸਦੀ ਮਾਂ ਜਿਸਦੇ ਲਗਾਤਾਰ ਮਹਿੰਗੇ ਇਲਾਜ ਕਰਵਾਉਣ ਕਾਰਨ ਪਰਿਵਾਰ ਕਰਜ਼ੇ ਦੇ ਹੇਠ ਆ ਚੁੱਕਾ ਹੈ, ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦਾ ਬਾਪ ਵੀ ਕੈਂਸਰ ਨਾਲ ਜੂਝ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਪੀੜਤਾ ਦਾ ਇਲਾਜ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ ਅਤੇ ਇਸ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।