ਜਲੰਧਰ | ਇਕ ਪਾਸੇ ਆਪਣਿਆਂ ਨੂੰ ਗੁਆਉਣ ਦਾ ਦੁੱਖ ਤਾਂ ਦੂਜੇ ਪਾਸੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ। ਮਾਸੂਮ ਮੰਨਤ ਕਈ ਵਾਰ ਇਹ ਸਭ ਸੋਚ ਕੇ ਚੁੱਪ ਹੋ ਜਾਂਦੀ ਹੈ।
ਇਸ ਦੌਰਾਨ ਉਸ ਦੀ ਮਾਸੀ ਦੀ ਬੇਟੀ ਅਨੰਨਿਆ ਤੇ ਬੇਟੇ ਸ਼ਿਵਮ ਉਸ ਦੇ ਨਾਲ ਖੇਡਦੇ ਹਨ ਤੇ ਉਸ ਨੂੰ ਉਸ ਦੇ ਬਚਪਨ ਵਿੱਚ ਵਾਪਸ ਲੈ ਆਉਂਦੇ ਹਨ। ਫਿਰ ਉਹ ਵੀ ਮੁਸਕਰਾਉਂਦੀ ਹੈ।
ਖੁਰਲਾ ਕਿੰਗਰਾ ਦੇ ਪ੍ਰਕਾਸ਼ ਐਵੇਨਿਊ ਵਿਖੇ ਆਪਣੀ ਮਾਸੀ ਰੇਣੂ ਦੀ ਗੋਦ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੀ ਮੰਨਤ ਨੂੰ ਹੁਣ ਆਪਣਿਆਂ ਦਾ ਪਿਆਰ ਤੇ ਸੁਰੱਖਿਆ ਮਿਲ ਗਈ ਹੈ।
ਭਾਵੇਂ ਰੇਣੂ ਨੂੰ ਵੀਰਵਾਰ ਸਾਰਾ ਦਿਨ ਬੱਚੀ ਨੂੰ ਪ੍ਰਾਪਤ ਕਰਨ ਲਈ ਸਖ਼ਤ ਸੰਘਰਸ਼ ਕਰਨਾ ਪਿਆ ਪਰ ਉਸ ਨੂੰ ਵੀ ਹੁਣ ਬੱਚੀ ਨੂੰ ਹਾਸਲ ਕਰਕੇ ਸਕੂਨ ਹੈ।
ਮਾਸੀ ਦੱਸਦੀ ਹੈ ਕਿ ਉਹ ਮੰਨਤ ਦੀ ਹਰ ‘ਮੰਨਤ’ ਨੂੰ ਜ਼ਿੰਦਗੀ ‘ਚ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਹੁਣ ਉਹ ਮੰਨਤ ਦੀ ਮਾਂ ਹੈ। ਉਸ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਤੇ ਇਕ ਬੇਟਾ ਹੈ। ਹੁਣ ਮੰਨਤ ਵੀ ਉਨ੍ਹਾਂ ਦੀ ਬੇਟੀ ਹੈ।
ਬਸਤੀ ਬਾਵਾ ਖੇਲ ਰਾਜ ਨਗਰ ਵਿੱਚ 7 ਦਿਨ ਪਹਿਲਾਂ ਉਸ ਦੀ ਮਾਂ ਰੇਖਾ ਨੇ ਉਸ ਨੂੰ ਤੇ ਉਸ ਦੇ ਭਰਾ ਗੌਰਵ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਰੇਖਾ ਤੇ ਗੌਰਵ ਦੀ ਮੌਤ ਤੋਂ ਬਾਅਦ ਮੰਨਤ ਦਾ ਟੈਗੋਰ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
ਉਹ ਮੌਤ ਤੋਂ ਤਾਂ ਜਿੱਤ ਗਈ ਪਰ ਹਾਲਾਤ ਤੋਂ ਨਹੀਂ। ਹੁਣ ਉਸ ਨੇ ਆਪਣੀ ਮਾਂ ਤੇ ਭਰਾ ਨੂੰ ਗੁਆ ਲਿਆ ਹੈ ਪਰ ਮਾਸੀ ਦੇ ਰੂਪ ਵਿੱਚ ਮਾਂ ਹੀ ਨਹੀਂ ਸਗੋਂ ਨਵੀਂ ਜ਼ਿੰਦਗੀ ਵੀ ਮਿਲ ਗਈ ਹੈ। ਹੁਣ ਮੰਨਤ ਆਪਣੀ ਮਾਸੀ ਕੋਲ ਰਹਿਣਾ ਚਾਹੁੰਦੀ ਹੈ। ਮਾਸੀ ਨੇ ਵੀ ਉਸ ਨੂੰ ਆਪਣੀ ਧੀ ਮੰਨ ਲਿਆ ਹੈ।
8 ਘੰਟੇ ਇੰਤਜ਼ਾਰ ਕਰਦੀ ਰਹੀ ਮੰਨਤ, ਮਾਸੀ ਕਰਦੀ ਰਹੀ ਕੋਸ਼ਿਸ਼
ਮੰਨਤ ਨੂੰ ਪਾਉਣ ਲਈ ਮਾਸੀ ਰੇਣੂ ਵੀਰਵਾਰ ਸਵੇਰ ਤੋਂ ਹੀ ਕੋਸ਼ਿਸ਼ ਕਰਦੀ ਰਹੀ। ਇਸ ਦੌਰਾਨ ਕਦੇ ਪੁਲਿਸ ਚੌਕੀ, ਕਦੇ ਗਾਂਧੀ ਵਨੀਤਾ ਆਸ਼ਰਮ, ਕਦੇ ਨਾਰੀ ਨਿਕੇਤਨ ਤੇ ਕਦੇ ਵਿਧਾਇਕ ਤੱਕ ਪਹੁੰਚ ਕਰਦੀ ਰਹੀ।
ਇਸੇ ਦੌਰਾਨ ਮੰਨਤ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਮਾਸੀ ਰੇਣੂ ਉਸ ਨੂੰ ਲੈਣ ਆ ਰਹੀ ਹੈ ਤਾਂ ਉਹ ਸਵੇਰ ਤੋਂ ਹੀ ਤਿਆਰ ਹੋ ਕੇ ਬੈਠ ਗਈ। ਇਹ ਵੱਖਰੀ ਗੱਲ ਹੈ ਕਿ ਰਸਮੀ ਕਾਰਵਾਈਆਂ ਪੂਰੀਆਂ ਕਰਦਿਆਂ ਦੁਪਹਿਰ ਬਾਅਦ ਮੰਨਤ ਨੂੰ ਰੇਣੂ ਹਵਾਲੇ ਕਰ ਦਿੱਤਾ ਗਿਆ।
ਪਾਪਾ ਕੈਂਚੀ ਨਾਲ ਵੀ ਮਾਰਦੇ ਸਨ
ਮਾਸੂਮ ਮੰਨਤ ਦੱਸਦੀ ਹੈ ਕਿ ਪਿਤਾ ਅਕਸਰ ਮਾਂ ਨੂੰ ਕੈਂਚੀ ਨਾਲ ਮਾਰਦੇ ਰਹਿੰਦੇ ਸਨ। ਉਹ ਧੱਕਾ ਦੇ ਕੇ ਘਰੋਂ ਬਾਹਰ ਕੱਢ ਦਿੰਦੇ ਸਨ ਪਰ ਮਾਂ ਫਿਰ ਘਰ ਆ ਜਾਂਦੀ ਸੀ। ਮੰਨਤ ਅਨੁਸਾਰ ਜ਼ਹਿਰ ਖਾਣ ਦੇ ਕਈ ਘੰਟੇ ਬਾਅਦ ਪਿਤਾ ਆਪਣੇ ਭਰਾ ਗੌਰਵ ਤੇ ਮਾਂ ਰੇਖਾ ਨੂੰ ਹਸਪਤਾਲ ਲੈ ਕੇ ਗਏ।
ਮਾਸੀ ਦੇ ਬੱਚਿਆਂ ਨਾਲ ਖੁਸ਼ ਹੈ ਮੰਨਤ
ਮੰਨਤ ਆਪਣੀ ਮਾਸੀ ਦੇ ਬੇਟੇ ਸ਼ਿਵਮ ਤੇ ਬੇਟੀ ਅਨੰਨਿਆ ਨਾਲ ਬਹੁਤ ਖੁਸ਼ ਹੈ। ਉਨ੍ਹਾਂ ਨਾਲ ਖੇਡਦੀ ਤੇ ਖਾਣਾ ਖਾਂਦੀ ਹੈ। ਉਹ ਦੱਸਦੀ ਹੈ ਕਿ ਉਹ ਆਪਣੇ ਭੈਣ-ਭਰਾ ਨਾਲ ਸਕੂਲ ਵੀ ਜਾਵੇਗੀ। ਹਾਲਾਂਕਿ, ਜਦੋਂ ਰੇਣੂ ਘਰ ਆਉਣ ਵਾਲੇ ਲੋਕਾਂ ਨਾਲ ਰੇਖਾ ਬਾਰੇ ਗੱਲ ਕਰਦੀ ਹੈ ਤਾਂ ਮੰਨਤ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।
ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਰੇਣੂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਨਤ ਦੇ ਇਲਾਜ ਤੋਂ ਲੈ ਕੇ ਉਸ ਨੂੰ ਸੰਭਾਲਣ ਤੱਕ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਉਹ ਦੱਸਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੇਂ ਸਿਰ ਲੜਕੀ ਦੇ ਇਲਾਜ ਲਈ ਸਹਿਯੋਗ ਕੀਤਾ, ਜਿਸ ਦੇ ਸਿੱਟੇ ਵਜੋਂ ਅੱਜ ਮੰਨਤ ਉਨ੍ਹਾਂ ਦੇ ਨਾਲ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ