ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਸਿੰਘ ਵੱਲੋਂ ਵੀਡੀਓ ‘ਚ ਬੋਲੇ ਗਏ ਮੋਬਾਇਲ ਨੰਬਰ ਵਾਲਾ ਵਿਅਕਤੀ ਆਇਆ ਮੀਡੀਆ ਦੇ ਸਾਹਮਣੇ

0
612

ਤਰਨਤਾਰਨ (ਬਲਜੀਤ ਸਿੰਘ) | ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਸਿੰਘ ਦੀ ਇਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਵੱਲੋਂ ਇਕ ਮੋਬਾਇਲ ਨੰਬਰ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਲਖਬੀਰ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ 30 ਹਜ਼ਾਰ ਰੁਪਏ ਦੇ ਕੇ ਉਸ ਵਿਅਕਤੀ ਨੇ ਸਿੰਘੂ ਬਾਰਡਰ ‘ਤੇ ਭੇਜਿਆ ਸੀ, ਜਿਸ ਤੋਂ ਬਾਅਦ ਪੱਤਰਕਾਰਾਂ ਨੇ ਨੰਬਰ ਦੀ ਪੜਤਾਲ ਕਰਦੇ ਹੋਏ ਪਿੰਡ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚ ਕੇ ਨੰਬਰ ਚਲਾ ਰਹੇ ਵਿਅਕਤੀ ਪਰਗਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਹ ਮੰਨਿਆ ਕਿ ਲਖਬੀਰ ਸਿੰਘ ਉਸ ਕੋਲ ਸੀਰੀ ਦਾ ਕੰਮ ਕਰਦਾ ਸੀ ਤੇ 10 ਦਿਨ ਪਹਿਲਾਂ ਹੀ ਉਹ ਉਨ੍ਹਾਂ ਦਾ ਕੰਮ ਛੱਡ ਕੇ ਇਥੋਂ ਗਿਆ ਸੀ।

ਪਰਗਟ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ 6 ਮਹੀਨੇ ਤੋਂ ਉਨ੍ਹਾਂ ਦੇ ਘਰ ‘ਚ ਕੰਮ ਕਰਦਾ ਰਿਹਾ ਤੇ ਉਹ ਨਸ਼ੇ ਦਾ ਆਦੀ ਸੀ। ਉਨ੍ਹਾਂ ਵੱਲੋਂ ਕੋਈ ਵੀ ਪੈਸਾ ਲਖਬੀਰ ਸਿੰਘ ਨੂੰ ਨਹੀਂ ਦਿੱਤਾ ਗਿਆ।

ਉਨ੍ਹਾਂ ‘ਤੇ ਇਹ ਆਰੋਪ ਲਾਏ ਜਾ ਰਹੇ ਹਨ ਕਿਉਂਕਿ ਲਖਬੀਰ ਸਿੰਘ ਨੂੰ ਉਨ੍ਹਾਂ ਦਾ ਮੋਬਾਇਲ ਨੰਬਰ ਇਸ ਕਰਕੇ ਯਾਦ ਸੀ ਕਿ ਉਹ ਆਪਣੀ ਭੈਣ ਨੂੰ ਅਕਸਰ ਉਨ੍ਹਾਂ ਦੇ ਇਸ ਨੰਬਰ ਤੋਂ ਫੋਨ ਕਰਦਾ ਰਹਿੰਦਾ ਸੀ ਅਤੇ ਕਿਸੇ ਵੀ ਰਿਸ਼ਤੇਦਾਰ ਨੂੰ ਉਨ੍ਹਾਂ ਦਾ ਹੀ ਮੋਬਾਇਲ ਨੰਬਰ ਦਿੰਦਾ ਸੀ।

ਪਰਗਟ ਸਿੰਘ ਨੇ ਕਿਹਾ ਕਿ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।

ਉਧਰ ਪਿੰਡ ਵਾਸੀ ਵੀ ਪਰਗਟ ਸਿੰਘ ਦੇ ਹੱਕ ਵਿੱਚ ਨਿੱਤਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਪਰਗਟ ਸਿੰਘ ਦੇ ਘਰ ਸੀਰੀ ਦਾ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ ਤੇ ਲੋਕਾਂ ਤੋਂ 10-10 ਰੁਪਏ ਮੰਗ ਕੇ ਸ਼ਰਾਬ ਪੀਂਦਾ ਰਹਿੰਦਾ ਸੀ। ਪਰਗਟ ਸਿੰਘ ਨੇ ਉਨ੍ਹਾਂ ਨੂੰ ਕਦੇ ਵੀ ਕੋਈ ਫਾਲਤੂ ਪੈਸਾ ਨਹੀਂ ਦਿੱਤਾ। ਪਰਗਟ ਸਿੰਘ ‘ਤੇ ਗਲਤ ਆਰੋਪ ਲਾਏ ਜਾ ਰਹੇ ਹਨ।