ਮਾਲੇਰਕੋਟਲਾ, 12 ਦਸੰਬਰ | ਵਿਦੇਸ਼ਾਂ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਜਾਇਜ਼-ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਰਸਮ ਵੀ ਮਹਿਜ਼ ਇਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨ੍ਹਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ।
ਵੇਖੋ ਵੀਡੀਓ
ਅਜਿਹੀ ਹੀ ਘਟਨਾ ਨੇੜਲੇ ਪਿੰਡ ਬਨਭੌਰਾ ਵਿਖੇ ਵੇਖਣ ਨੂੰ ਮਿਲੀ, ਜਿਥੇ ਅਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਨੇ ਆਈਲੈਟਸ ‘ਚ 7 ਬੈਂਡ ਲੈ ਕੇ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ ਪਰ ਅੱਗਿਓਂ ਕੈਨੇਡਾ ਰਹਿੰਦੀ ਕੁੜੀ ਨੇ ਅਕਾਸ਼ਦੀਪ ਨੂੰ ਆਪਣਾ ਪਤੀ ਹੀ ਮੰਨਣ ਤੋਂ ਕੋਰੀ ਨਾਂਹ ਕਰਦਿਆਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ।
ਇਹ ਸਾਰੀ ਘਟਨਾ ਅਕਾਸ਼ ਨੇ ਆਪਣੇ ਪਰਿਵਾਰ ਨੂੰ ਸੁਣਾਈ ਤਾਂ ਅੱਗਿਓਂ ਅਕਾਸ਼ਦੀਪ ਦੇ ਪਿਤਾ ਸੁਖਜਿੰਦਰ ਸਿੰਘ ਵੱਲੋਂ ਆਪਣੀ ਨੂੰਹ ਅਤੇ ਕੁੜਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੋਹਣ ਲਾਲ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਨਭੌਰਾ ਵੱਲੋਂ ਐੱਸ.ਐੱਸ.ਪੀ. ਮਾਲੇਰਕੋਟਲਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ‘ਤੇ ਅਮਰਗੜ੍ਹ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੈਨੇਡਾ ਰਹਿੰਦੀ ਦਮਨਪ੍ਰੀਤ ਕੌਰ ਅਤੇ ਰੋਜ਼ ਐਵੀਨਿਊ ਮਾਲੇਰਕੋਟਲਾ ‘ਚ ਰਹਿੰਦੇ ਉਸ ਦੇ ਪਿਤਾ ਅਰੀਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।