ਪਟਿਆਲਾ, 13 ਦਸੰਬਰ | ਜ਼ਿਲੇ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਥੋਂ ਦੇ ਮਹਿੰਦਰਗੰਜ ਰਾਜਪੁਰਾ ਸਥਿਤ ਸਕੂਲ ਆਫ ਐਮੀਨੈਂਸ ਦੇ 3 ਵਿਦਿਆਰਥੀ ਰੇਲਵੇ ਟਰੈਕ ‘ਤੇ ਵੀਡੀਓ ਰੀਲ ਕਰਦੇ ਸਮੇਂ ਟਰੇਨ ਦੀ ਲਪੇਟ ‘ਚ ਆ ਗਏ। ਇਸ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸਕੂਲ ਮਹਿੰਦਰਗੰਜ (ਐਮੀਨੈਂਸ ਸਕੂਲ) ਵਿਚ 11ਵੀਂ ਜਮਾਤ ਵਿਚ ਪੜ੍ਹਦੇ ਤਿੰਨ ਵਿਦਿਆਰਥੀ ਅੰਬਾਲਾ ਵਾਲੇ ਪਾਸੇ ਪਚੀਸ ਦੱਰੇ ਦੇ ਪੁਲ ’ਤੇ ਇੱਕ ਵੀਡੀਓ ਰੀਲ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਟਰੇਨ ਆ ਗਈ। ਵਿਦਿਆਰਥੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ, ਜਿਸ ਕਾਰਨ ਟਰੇਨ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਦੌਰਾਨ ਇਕ ਵਿਦਿਆਰਥੀ ਗੁਰਪ੍ਰੀਤ ਸਿੰਘ ਵਾਸੀ ਗੈਵੀ ਪਿੰਡ ਢਕਾਂਸੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਦੂਜੇ ਦੋਸਤ ਮਨਿੰਦਰ ਸਿੰਘ ਵਾਸੀ ਪਿੰਡ ਢਕਾਂਸੂ ਅਤੇ ਹਰਸ਼ ਸ਼ਰਮਾ ਵਾਸੀ ਸ਼ਾਮ ਨਗਰ ਰਾਜਪੁਰਾ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸਕੂਲ ਦੀ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਵਿਦਿਆਰਥੀ ਸਕੂਲ ਤੋਂ ਗੈਰਹਾਜ਼ਰ ਸਨ, ਜਿਸ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਪਤਾ ਸੀ। ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)