ਅੰਮ੍ਰਿਤਸਰ ਦਿਹਾਤੀ ‘ਚ ਵੱਡੀ ਕਾਰਵਾਈ ਚੋਣਾਂ ਤੋਂ ਪਹਿਲਾਂ ਕਰੋੜਾਂ ਦੀ ਵਿਦੇਸ਼ੀ ਸ਼ਰਾਬ ਬਰਾਮਦ

0
23

ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਰਤਨਗੜ੍ਹ ਇਲਾਕੇ ਵਿੱਚੋਂ ਕਰੋੜਾਂ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਦੇਰ ਰਾਤ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਇਸ ਰੇਡ ਦੌਰਾਨ ਤਿੰਨ ਦੁਕਾਨਾਂ ਵਿੱਚੋਂ 2000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਕਬਜ਼ੇ ਵਿੱਚ ਲਈਆਂ ਗਈਆਂ।

ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਖਡੂਰ ਸਾਹਿਬ ਰੋਡ ਨੇੜੇ ਰਤਨਗੜ੍ਹ ਪਿੰਡ ਵਿੱਚ ਕੀਤੀ ਗਈ। ਪੁਲਿਸ ਅਤੇ ਐਕਸਾਈਜ਼ ਟੀਮ ਨੂੰ ਮੌਕੇ ਤੋਂ ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਬ੍ਰਾਂਡਡ ਵਿਦੇਸ਼ੀ ਸ਼ਰਾਬ ਦੀਆਂ ਪੇਟੀਆਂ ਮਿਲੀਆਂ। ਕੁਝ ਪੇਟੀਆਂ ਵਿੱਚ ਐਕਸਪਾਇਰੀ ਸ਼ਰਾਬ ਅਤੇ ਬੀਅਰ ਹੋਣ ਦੀ ਵੀ ਪੁਸ਼ਟੀ ਹੋਈ ਹੈ।

ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਏਟੀਓ, ਐਕਸਾਈਜ਼ ਇੰਸਪੈਕਟਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਜੂਦ ਰਹੇ। ਪ੍ਰਾਰੰਭਿਕ ਜਾਂਚ ਵਿੱਚ 1533 ਤੋਂ ਵੱਧ ਪੇਟੀਆਂ ਦੀ ਗਿਣਤੀ ਸਾਹਮਣੇ ਆਈ ਹੈ, ਜਦਕਿ ਕੁੱਲ ਗਿਣਤੀ 2000 ਤੋਂ 2500 ਦੇ ਵਿਚਕਾਰ ਹੋਣ ਦਾ ਅੰਦਾਜ਼ਾ ਹੈ।



ਅਧਿਕਾਰੀਆਂ ਮੁਤਾਬਕ ਬਰਾਮਦ ਕੀਤਾ ਗਿਆ ਸਟਾਕ ਕਾਫੀ ਪੁਰਾਣਾ ਲੱਗ ਰਿਹਾ ਹੈ ਅਤੇ ਇਸ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਟੋਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਦੁਕਾਨ ਮਾਲਕ ਨੇ “ਵਿੱਕੀ ਭਿੰਡਰ” ਨਾਮ ਦੇ ਵਿਅਕਤੀ ਦਾ ਨਾਮ ਸਾਹਮਣੇ ਲਿਆਂਦਾ ਹੈ। ਪੁਲਿਸ ਵੱਲੋਂ ਉਸ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੁਲਿਸ ਨੇ ਇਸ ਮਾਮਲੇ ਨੂੰ ਚੋਣਾਂ ਦੇ ਮਾਹੌਲ ਨਾਲ ਵੀ ਜੋੜ ਕੇ ਦੇਖਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸ਼ਰਾਰਤੀ ਅਨਸਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਲਈ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਅਤੇ ਫਲੈਗ ਮਾਰਚ ਵੀ ਕੀਤੇ ਜਾ ਰਹੇ ਹਨ।

ਐਕਸਾਈਜ਼ ਵਿਭਾਗ ਨੇ ਸਾਰੀ ਬਰਾਮਦ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਬਾਹਰੀ ਸੂਬਿਆਂ ਦੀ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਪੰਜਾਬ ਤੱਕ ਕਿਵੇਂ ਪਹੁੰਚੀ। ਪੁਲਿਸ ਨੇ ਕਿਹਾ ਕਿ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।