ਸਿਵਲ ਹਸਪਤਾਲ ਦੀ ਵੱਡੀ ਲਾਪ੍ਰਵਾਹੀ : ਮੁਰਦਾ ਘਰ ‘ਚੋਂ ਐਕਸੀਡੈਂਟ ‘ਚ ਮਰੇ ਵਿਅਕਤੀ ਦੀ ਲਾਸ਼ ਗਾਇਬ, ਖਜਲ-ਖੁਆਰ ਹੋ ਰਹੇ ਪਰਿਵਾਰਕ ਮੈਂਬਰ

0
1054

ਗੁਰਦਾਸਪੁਰ | ਬਟਾਲਾ ਦੇ ਸਿਵਲ ਹਸਪਤਾਲ ਚ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ| ਬੀਤੀ ਰਾਤ ਸਿਵਲ ਹਸਪਤਾਲ ਬਟਾਲਾ ਦੇ ਮੋਰਚਰੀ ਹਾਊਸ ‘ਚ ਰੱਖੀ ਐਕਸੀਡੈਂਟ ਨਾਲ ਮਾਰੇ ਗਏ ਵਿਅਕਤੀ ਦੀ ਲਾਸ਼ ਗਾਇਬ ਹੋ ਗਈ ਹੈ| ਐਕਸੀਡੈਂਟ ਦੌਰਾਨ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਸਿਵਲ ਹਸਪਤਾਲ ਬਟਾਲਾ ‘ਚ ਆਏ ਤਾਂ ਲਾਸ਼ ਗ਼ਾਇਬ ਸੀ|

ਤ੍ਰਾਸਦੀ ਇਹ ਹੈ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰ 4 ਘੰਟੇ ਤੋਂ ਵਧੇਰੇ ਲਾਸ਼ ਲੈ ਲਈ ਕਲਪਦੇ ਨਜ਼ਰ ਆਏ ਹਨ| ਐਸਐਮਓ ਬਟਾਲਾ ਨਾਲ ਸੰਪਰਕ ਕਰਨ ਤੇ ਵੀ ਉਹ ਮੌਕੇ ਤੇ ਨਹੀਂ ਪਹੁੰਚੇ। ਉਕਤ ਘਟਨਾ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤਕ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰ ਹਸਪਤਾਲ ਖੱਜਲ ਖੁਆਰ ਹੋ ਰਹੇ ਹਨ।

ਇਸ ਸਬੰਧੀ ਮ੍ਰਿਤਕ ਸੁਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਘਸੀਟਪੁਰ ਦੇ ਭਤੀਜੇ ਸਿੰਘ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਤਾਏ ਸੁਖਵਿੰਦਰ ਸਿੰਘ ਦੀ ਸ਼ਨੀਵਾਰ ਨੂੰ ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਹੋਏ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਨੇ ਲਾਸ਼ ਬਟਾਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ‘ਚ ਪੋਸਟਮਾਰਟਮ ਲਈ ਰਖਵਾ ਦਿੱਤੀ ਸੀ| ਜਦੋਂ ਐਤਵਾਰ ਸਵੇਰੇ 9 ਵਜੇ ਉਹ ਲਾਸ਼ ਲੈਣ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇ ਤਾਏ ਦੀ ਲਾਸ਼ ਗਾਇਬ ਸੀ। ਉਨ੍ਹਾਂ ਇਸ ਸਬੰਧੀ ਤੁਰੰਤ ਐਸਐਮਓ ਨੂੰ ਵੀ ਜਾਣੂ ਕਰਾਇਆ। ਚਾਰ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ|

ਉਧਰ ਇਸ ਘਟਨਾ ਦੇ ਸਬੰਧ ਵਿਚ ਬਟਾਲਾ ਦੇ ਐਸਐਮੳ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਇਸ ਸਬੰਧੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗਲਤੀ ਨਾਲ ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਰੇਲਵੇ ਪੁਲਿਸ ਅਣਪਛਾਤੇ ਵਿਅਕਤੀ ਦੇ ਭੁਲੇਖੇ ਲੈ ਗਈ ਸੀ ਤੇ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਉਕਤ ਵਿਅਕਤੀ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਉਹ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਮਾਮਲੇ ਦੀ ਜਾਂਚ ਕਰਵਾਉਣਗੇ|