ਜਲੰਧਰ ‘ਚ ਵੱਡੀ ਵਾਰਦਾਤ ਟਲੀ, ਪੰਜਾਬੀ ਗਾਇਕ ਦਾ ਕਰਨਾ ਸੀ ਕਤਲ ਪਹਿਲਾਂ ਹੀ ਆਏ ਅੜਿੱਕੇ

0
1100

ਜਲੰਧਰ . ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਸੀਆਈਏ ਸਟਾਫ ਨੇ ਦੋ ਅਜਿਹੇ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ, ਜਿਨ੍ਹਾਂ ਨੇ ਵੱਡੀਆਂ ਵਾਰਦਾਤਾਂ ਕਰਨ ਦਾ ਪਲਾਨ ਬਣਾਇਆ ਹੋਇਆ ਸੀ। ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ 50 ਲੱਖ ਰੁਪਏ ਦੀ ਫਿਰੌਤੀ ਵਸੂਲਣੀ ਸੀ ਤੇ ਜੇਕਰ ਉਹ ਇਸ ਕੰਮ ਵਿੱਚ ਅਸਫਲ ਹੁੰਦੇ ਤਾਂ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਯੋਜਨਾ ਬਣਾਈ ਹੋਈ ਸੀ। ਅਪਰਾਧੀਆਂ ਦੀ ਪਛਾਣ ਚੰਦਰ ਖੱਤਰੀ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ 6, ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੇ ਗੁਰਜਿੰਦਰ ਪੁੱਤਰ ਬੂਟਾ ਰਾਮ ਵਾਸੀ ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਮਕਸੂਦਾਂ ਵਿੱਚ ਕੇਸ ਦਰਜ ਕਰ ਲਿਆ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਹਾਂ ਅਪਰਾਧੀਆਂ ਨੇ 7 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ 50 ਲੱਖ ਦੀ ਫਿਰੌਤੀ ਲੈਣ ਦਾ ਪਲਾਨ ਸੀ ਅਤੇ ਇਸ ਪਲਾਨ ਦੇ ਸਫਲ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੇ ਦਹਿਸ਼ਤ ਫੈਲਾਉਣ ਲਈ ਉਸ ਨੂੰ ਗੋਲੀ ਮਾਰਨੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਡੇਨ ਗੈਸ ਏਜੰਸੀ ਗਲੀ ਨੰਬਰ 6 ਸਮਰਾਲਾ ਚੌਕ ਲੁਧਿਆਣਾ ਵਿੱਚ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪਰ ਦੋਹਾਂ ਨੂੰ ਆਪਣੇ ਇਰਾਦਿਆਂ ਵਿੱਚ ਸਫਲ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀਡੀ ਮਨਪ੍ਰੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਸੋਹਣ ਸਿੰਘ ਰਾਏਪੁਰ-ਰਸੂਲਪੁਰ ਨੇੜੇ ਗਸ਼ਤ ਕਰਦਿਆਂ ਪੁਲਿਸ ਨੂੰ ਇਨ੍ਹਾਂ ਅਪਰਾਧੀਆਂ ਬਾਰੇ ਸੂਚਨਾ ਮਿਲੀ, ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੂੰ ਕਾਬੂ ਕਰ ਲਿਆ। ਦੋਵੇਂ ਲੁੱਟਮਾਰ ਕਰਨ ਦੀ ਫਿਰਾਕ ਵਿੱਚ ਸਨ। ਦੋਹਾਂ ਕੋਲੋਂ ਤਲਾਸ਼ੀ ਦੌਰਾਨ ਇਕ ਪਿਸਤੌਲ, 7.65 ਐੱਮਐੱਮ ਦੇ 4 ਜ਼ਿੰਦਾ ਰੌਂਦ, ਇਕ ਦੇਸੀ ਕੱਟਾ 315 ਬੋਰ ਅਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ। ਦੋਹਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।