ਅੰਮ੍ਰਿਤਸਰ, 7 ਅਕਤੂਬਰ: ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਨਾਜਾਇਜ਼ ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ 2 ਕਾਰਾਂ ਬਰਾਮਦ ਕੀਤੀਆਂ ਹਨ। ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਜਾਂਚ ਦੌਰਾਨ ਸਾਹਮਣੇ ਆਏ ਹੋਰ ਮੁਲਜ਼ਮਾਂ ਦੇ ਨਾਂ
ਪੁਲਿਸ ਅਨੁਸਾਰ, ਸ਼ੁਰੂਆਤੀ ਕਾਰਵਾਈ ਦੌਰਾਨ ਸਤਨਾਮ ਸਿੰਘ ਉਰਫ਼ ਸੁੱਖਾ ਅਤੇ ਭੱਲਾ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਤੌਲ ਬਰਾਮਦ ਕੀਤੇ ਗਏ। ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਗੌਤਮ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 7 ਹੋਰ ਪਿਸਤੌਲ ਬਰਾਮਦ ਹੋਏ। ਇਸ ਤੋਂ ਬਾਅਦ ਅਭੀ ਉਰਫ਼ ਬਾਬਾ ਨੂੰ ਕਾਬੂ ਕਰਕੇ ਉਸ ਕੋਲੋਂ 3 ਪਿਸਤੌਲ ਬਰਾਮਦ ਕੀਤੇ ਗਏ।
ਪੁਲਿਸ ਮੁਤਾਬਕ, ਇਹ ਕਾਰਵਾਈ ਇਸਲਾਮਾਬਾਦ ਅਤੇ ਛਾਉਣੀ ਥਾਣਾ ਖੇਤਰਾਂ ਵਿੱਚ ਕੀਤੀ ਗਈ।
ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਹੋਣ ਦਾ ਦਾਅਵਾ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹਥਿਆਰਾਂ ਦੇ ਤਸਕਰਾਂ ਅਤੇ ਹੋਰ ਅਪਰਾਧਿਕ ਅਨਸਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਅਨੁਸਾਰ, ਮੁਲਜ਼ਮ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਇਨ੍ਹਾਂ ਦੇ ਸੰਪਰਕ ਵਿੱਚ ਆਏ ਸਨ। ਉਹ ਕਥਿਤ ਤੌਰ ’ਤੇ ਨਾਜਾਇਜ਼ ਹਥਿਆਰ ਮੰਗਵਾ ਕੇ ਅਪਰਾਧੀਆਂ ਨੂੰ ਸਪਲਾਈ ਕਰਦੇ ਸਨ।
ਬਰਾਮਦ ਕੀਤੇ ਗਏ ਜ਼ਿਆਦਾਤਰ ਪਿਸਤੌਲ .30 ਬੋਰ ਦੇ ਹਨ। ਇਨ੍ਹਾਂ ਵਿੱਚ ਸਟ੍ਰੌਮ ਕੰਪਨੀ ਦਾ PX5 ਮਾਡਲ ਪਿਸਤੌਲ ਵੀ ਸ਼ਾਮਲ ਹੈ।
4 ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ
ਪੁਲਿਸ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ 4 ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲੇ ਦਰਜ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ 17 ਸਾਲ ਦਾ ਨਾਬਾਲਗ ਵੀ ਸ਼ਾਮਲ ਹੈ, ਜਿਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।
ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਮੁਲਜ਼ਮ ਦਿਹਾੜੀ-ਮਜ਼ਦੂਰੀ ਕਰਦੇ ਸਨ, ਜਦਕਿ ਕੁਝ ਬੇਰੁਜ਼ਗਾਰ ਸਨ। ਪੁਲਿਸ ਨੂੰ ਸ਼ੱਕ ਹੈ ਕਿ ਨਾਜਾਇਜ਼ ਹਥਿਆਰਾਂ ਦੀ ਵਿਕਰੀ ਤੋਂ ਕਮਾਏ ਪੈਸਿਆਂ ਨਾਲ ਕੁਝ ਮੁਲਜ਼ਮਾਂ ਨੇ ਜਾਇਦਾਦਾਂ ਵੀ ਬਣਾਈਆਂ ਹਨ। ਇਨ੍ਹਾਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਸੰਪਰਕਾਂ ਦੀ ਵੀ ਕੀਤੀ ਜਾ ਰਹੀ ਜਾਂਚ
ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਦਿਹਾਤੀ ਖੇਤਰ ਵਿੱਚ ਵਾਪਰੀ ਹਾਲੀਆ ਵਾਰਦਾਤ ਨਾਲ ਕੋਈ ਸਬੰਧ ਨਹੀਂ ਮਿਲਿਆ, ਪਰ ਉਨ੍ਹਾਂ ਦੇ ਹੋਰ ਅਪਰਾਧੀਆਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਮੁਤਾਬਕ, ਪੰਜਾਬ ਭਰ ਦੇ ਥਾਣਾ ਮੁਖੀਆਂ ਨੂੰ ਮੁਲਜ਼ਮਾਂ ਦੇ ਰਿਕਾਰਡ ਬਾਰੇ ਜਾਣਕਾਰੀ ਭੇਜ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਦੇ ਹੋਰ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਅਪਰਾਧੀਆਂ ਤੱਕ ਇਹ ਹਥਿਆਰ ਪਹੁੰਚਾਏ ਜਾਣੇ ਸਨ, ਉਨ੍ਹਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।







































