ਬਰਨਾਲਾ – ਸਿਵਲ ਅਤੇ ਪੁਲਿਸ ਅਧਿਕਾਰੀਆਂ ਵਲੋਂ 12 ਹੋਟਲਾਂ ‘ਤੇ ਸਾਂਝੀ ਰੇਡ ਕੀਤੀ ਗਈ | ਜਾਂਚ ਦੌਰਾਨ ਹੋਟਲਾਂ ‘ਚ ਵੱਡੀ ਪੈਮਾਨੇ ‘ਤੇ ਗ਼ੈਰਕਾਨੂੰਨੀ ਕੰਮ ਪਾਏ ਗਏ। ਇੰਨਾਂ ਹੋਟਲਾਂ ਨੂੰ ਪ੍ਰਸ਼ਾਸਨ ਵਲੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ‘ਤੇ ਐਸ.ਡੀ.ਐਮ. ਬਰਨਾਲਾ ਦੀ ਅਗਵਾਈ ‘ਚ ਇਕ ਕਮੇਟੀ ਬਣਾਈ ਗਈ, ਜਿਸ ਨੇ ਹੋਟਲਾਂ ਦੀ ਜਾਂਚ ਕੀਤੀ।
ਉਨ੍ਹਾਂ ਦੱਸਿਆ ਕਿ ਕਈ ਹੋਟਲ ਮਾਲਕ ਪ੍ਰਸ਼ਾਸਨਕ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ। ਕੁਝ ਹੋਟਲਾਂ ‘ਚ ਨਾਬਾਲਿਗ ਲੜਕੇ-ਲੜਕੀਆਂ ਨੂੰ ਵੀ ਕਮਰੇ ਦਿੱਤੇ ਜਾ ਰਹੇ ਸਨ, ਜਿਸ ਕਾਰਨ ਲੋਕ ਪਰੇਸ਼ਾਨ ਸਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਡਿਪਟੀ ਕਮਿਸ਼ਨਰ ਨੇ ਕਮੇਟੀ ਬਣਾਈ, ਜਿਸ ਦੀ ਅਗਵਾਈ ਐਸਡੀਐਮ ਕਰ ਰਹੇ ਹਨ। ਇਸ ਕਮੇਟੀ ਨੇ ਅੱਜ ਸ਼ਹਿਰ ਦੇ ਤਕਰੀਬਨ 11-12 ਹੋਟਲਾਂ ਦੀ ਜਾਂਚ ਕੀਤੀ, ਜਿਸ ਦੌਰਾਨ 100 ਦੇ ਕਰੀਬ ਪੁਲਿਸ ਮੁਲਾਜ਼ਮ, 5 ਐੱਸ.ਐਚ.ਓ, ਅਤੇ 10 ਸਿਵਲ ਅਧਿਕਾਰੀ ਵੀ ਮੌਜੂਦ ਸਨ।
ਜਾਂਚ ਦੌਰਾਨ ਸਾਰੇ ਹੋਟਲਾਂ ਦੇ ਰਿਕਾਰਡ ਕਬਜ਼ੇ ‘ਚ ਲਏ ਗਏ, ਤਾਂ ਜੋ ਇਹ ਤਸਦੀਕ ਕੀਤੀ ਜਾ ਸਕੇ ਕਿ ਕਿਤੇ ਕਿਸੇ ਨਾਬਾਲਿਗ ਨੂੰ ਤਾਂ ਕਮਰਾ ਨਹੀਂ ਦਿੱਤਾ ਗਿਆ। ਹਾਲਾਂਕਿ ਕਿਸੇ ਵੀ ਨਾਬਾਲਿਗ ਦੀ ਪੁਸ਼ਟੀ ਨਹੀਂ ਹੋਈ। ਇਸ ਤੋਂ ਇਲਾਵਾ ਕਈ ਹੋਟਲਾਂ ਕੋਲ ਫਾਇਰ ਸੇਫਟੀ NOC ਅਤੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਨਹੀਂ ਸੀ। ਇਸ ਕਰਕੇ ਇਹਨਾਂ ਹੋਟਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਮਾਲਕਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਸਾਰੇ ਦਸਤਾਵੇਜ਼ ਐਸਡੀਐਮ ਬਰਨਾਲਾ ਕੋਲ ਪੇਸ਼ ਕਰਨ। ਇਸ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਹੋਟਲ ਚਲ ਸਕਣਗੇ ਜਾਂ ਨਹੀਂ।