ਜਲੰਧਰ ‘ਚ ਕਿੰਨਰ ਨਾਲ ਛੇੜਛਾੜ ਪਈ ਮਹਿੰਗੀ : ਹੰਗਾਮੇ ਪਿੱਛੋਂ ਕਿੰਨਰ ਨਿਸ਼ਾ ਨੇ ਕਿਹਾ- ਬੰਦਾ ਬਣ ਜਾ ਨਹੀਂ ਤਾਂ ਵਿਆਹ ਕਰਾ ਕੇ ਨਾਲ ਲੈ ਜਾਊਂ

0
715

ਜਲੰਧਰ| ਕਿੰਨਰ ਨਾਲ ਛੇੜਛਾੜ ਕਰਨਾ ਇਕ ਨੌਜਵਾਨ ਨੂੰ ਮਹਿੰਗਾ ਪਿਆ। ਗੁੱਸੇ ‘ਚ ਆਏ ਕਿੰਨਰਾਂ ਨੇ ਕਾਫੀ ਦੇਰ ਤੱਕ ਹੰਗਾਮਾ ਕੀਤਾ ਅਤੇ ਜ਼ਿੱਦ ਕੀਤੀ ਕਿ ਉਹ ਉਸ ਨਾਲ ਵਿਆਹ ਕਰਵਾ ਕੇ ਨੌਜਵਾਨ ਨੂੰ ਆਪਣੇ ਨਾਲ ਲੈ ਜਾਵੇਗੀ। ਦੂਜੇ ਪਾਸੇ ਗੁੱਸੇ ‘ਚ ਆਏ ਨੌਜਵਾਨਾਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ‘ਚ ਕਿੰਨਰ ਦਾ ਸਾਥੀ ਜ਼ਖਮੀ ਹੋ ਗਿਆ।

ਕਿੰਨਰ ਨਿਸ਼ਾ ਦਾ ਦੋਸ਼ ਹੈ ਕਿ ਉਹ ਗਲੀ ‘ਚ ਆਪਣੀ ਭੈਣ ਦੇ ਘਰ ਆਈ ਸੀ। ਉਸ ਦੇ ਗੁਆਂਢ ਵਿਚ ਰਹਿਣ ਵਾਲਾ ਨੌਜਵਾਨ ਈਸ਼ਾਨ ਅਕਸਰ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਉਸ ਨੂੰ ਗਲਤ ਕੰਮ ਕਰਨ ਲਈ ਕਹਿੰਦਾ ਹੈ। ਰਾਤੀਂ ਵੀ ਜਦੋਂ ਮੀਂਹ ਕਾਰਨ ਲਾਈਟ ਚਲੀ ਗਈ ਤਾਂ ਈਸ਼ਾਨ ਨੇ ਉਸਨੂੰ ਖਿੱਚਣ ਦੀ ਕੋਸ਼ਿਸ਼ ਕੀਤੀ।

ਜਦੋਂ ਕਿੰਨਰਾਂ ਨੇ ਹੰਗਾਮਾ ਕੀਤਾ ਤਾਂ ਨੌਜਵਾਨਾਂ ਨੇ ਵਰ੍ਹਾਏ ਇੱਟਾਂ-ਰੋੜੇ

ਨਿਸ਼ਾ ਨੇ ਦੱਸਿਆ ਕਿ ਜਦੋਂ ਉਸਨੇ ਰੌਲਾ ਪਾਇਆ ਤਾਂ ਈਸ਼ਾਨ ਤੇੇ ਹੋਰ ਨੌਜਵਾਨਾਂ ਨੇ ਘਰ ਦੀ ਛੱਤ ਤੋਂ ਇੱਟਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਕਿੰਨਰ ‘ਤੇ ਹਮਲੇ ਦੀ ਸੂਚਨਾ ਮਿਲਦੇ ਹੀ ਉਸ ਦੇ ਸਾਥੀ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਇਕ ਕਿੰਨਰ ਇੱਟ ਲੱਗਣ ਨਾਲ ਜ਼ਖਮੀ ਵੀ ਹੋ ਗਿਆ। ਦੇਰ ਰਾਤ ਪੁਲਿਸ ਨੇ ਮੌਕੇ ’ਤੇ ਆ ਕੇ ਮਾਮਲਾ ਸ਼ਾਂਤ ਕੀਤਾ। ਨਾਲ ਹੀ ਜ਼ਖਮੀ ਕਿੰਨਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।