ਕਿਸਾਨ ਅੰਦੋਲਨ – ਖ਼ਾਲਸਾ ਏਡ ਨੇ ਬਜ਼ੁਰਗ ਕਿਸਾਨਾਂ ਦੀਆਂ ਲੱਤਾਂ ਦੀ ਮਾਲਿਸ਼ ਲਈ ਲਾਈਆਂ ਮਸ਼ੀਨਾਂ

0
1131

ਨਵੀਂ ਦਿੱਲੀ | ਕੇਂਦਰ ਸਰਕਾਰ ਵਿਰੁੱਧ ਮੋਰਚੇ ’ਤੇ ਡਟੇ ਕਿਸਾਨਾਂ ਦੀ ਥਕਾਵਟ ਦੂਰ ਕਰਨ ਲਈ ਖਾਲਸਾ ਏਡ ਵੱਲੋਂ ਸਿੰਘੂ ਬਾਰਡਰ ’ਤੇ ਲੱਤਾਂ ਦੀ ਮਾਲਿਸ਼ ਕਰਨ ਵਾਲੀਆਂ 25 ਮਸ਼ੀਨਾਂ ਲਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ’ਤੇ ਲੱਤਾਂ ਦੀ ਮਸਾਜ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਬਜ਼ੁਰਗ ਪਹੁੰਚ ਰਹੇ ਹਨ ਕਿਉਂਕਿ ਸਿੰਘੂ ਹੱਦ ਤੋਂ ਸ਼ੁਰੂ ਹੋਏ ਮੋਰਚੇ ਦਾ ਦਾਇਰਾ ਹੁਣ 15 ਕਿਲੋਮੀਟਰ ਤੋਂ ਵਧ ਗਿਆ ਹੈ।

ਬਜ਼ੁਰਗਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਥਕਾਵਟ ਹੋ ਜਾਂਦੀ ਹੈ ਤੇ ਇਹ ਮਸ਼ੀਨਾਂ ਉਨ੍ਹਾਂ ਦੀ ਥਕਾਵਟ ਲਾਹੁਣ ਵਿੱਚ ਲਾਹੇਵੰਦ ਸਾਬਤ ਹੋ ਰਹੀਆਂ ਹਨ। ਖਾਲਸਾ ਏਡ ਵੱਲੋਂ ਮਾਲਿਸ਼ ਕਰਨ ਵਾਲੀਆਂ ਲਾਈਆਂ ਮਸ਼ੀਨਾਂ ਵੱਡੀ ਰਾਹਤ ਪਹੁੰਚਾ ਰਹੀਆਂ ਹਨ।

ਖਾਲਸਾ ਏਡ ਦੇ ਪ੍ਰਬੰਧਕਾਂ ’ਚੋਂ ਤੇਜਿੰਦਰਪਾਲ ਸਿੰਘ ਪ੍ਰਿੰਸ ਨੇ ਦੱਸਿਆ ਕਿ ਲੱਤਾਂ ਘੁੱਟਣ ਦੀਆਂ ਮਸ਼ੀਨਾਂ ਅੱਜ ਹੀ ਲਾਈਆਂ ਗਈਆਂ ਹਨ, ਜਿਨ੍ਹਾਂ ਨਾਲ 10 ਮਿੰਟਾਂ ਵਿਚ ਮਾਲਿਸ਼ ਕਰਾਉਣ ਮਗਰੋਂ ਬੰਦਾ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰਨ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਰਾਤ 8 ਵਜੇ ਤੱਕ ਇਹ ਸੇਵਾ ਕੀਤੀ ਜਾਂਦੀ ਹੈ।