ਲੁਧਿਆਣਾ : ਨਗਰ ਸੁਧਾਰ ਟਰੱਸਟ ਦੀ EO ਤੇ ਜੂਨੀਅਰ ਸਹਾਇਕ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਅੜਿੱਕੇ

0
388

ਭ੍ਰਿਸ਼ਟਾਚਾਰ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਵੀਰਵਾਰ ਨੂੰ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੀ ਈਓ ਕੁਲਜੀਤ ਕੌਰ ਤੇ ਜੂਨੀਅਰ ਸਹਾਇਕ ਹਰਮੀਤ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ।

ਵਿਜੀਲੈਂਸ ਦੀ ਟੀਮ ਈਓ ਕੁਲਜੀਤ ਕੌਰ ਨੂੰ ਆਪਣੇ ਨਾਲ ਲੈ ਗਈ ਹੈ। ਸ਼ਹਿਰ ਦੇ ਇੱਕ ਵਿਅਕਤੀ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਹੈਲਪਲਾਈਨ ‘ਤੇ ਇਸ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਸੁਧਾਰ ਟਰੱਸਟ ਦਾ ਸਹਾਇਕ ਹਰਮੀਤ ਸਿੰਘ ਸ਼ਿਕਾਇਤਕਰਤਾ ਤੋਂ ਈਓ ਦੇ ਨਾਮ ‘ਤੇ ਪੈਸੇ ਮੰਗ ਰਿਹਾ ਸੀ।

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਈਓ ਕੁਲਜੀਤ ਕੌਰ ਨੂੰ ਵਿਜੀਲੈਂਸ ਵਿਭਾਗ ਨੇ ਹਿਰਾਸਤ ‘ਚ ਲਿਆ ਹੈ। ਮੋਹਾਲੀ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਦੀ ਟੀਮ ਨੇ ਲੁਧਿਆਣਾ ਤੋਂ ਹਿਰਾਸਤ ‘ਚ ਲਿਆ ਹੈ। ਜ਼ਿਕਰਯੋਗ ਹੈ ਕਿ ਉਸ ‘ਤੇ 10 ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਾ ਹੈ ਤੇ ਲੁਧਿਆਣਾ ਨਿਵਾਸੀ ਨੇ ਇਹ ਸ਼ਿਕਾਇਤ ਕੀਤੀ।