ਲੁਧਿਆਣਾ : ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਦਿੱਤੀ ਜਾ.ਨ, 3 ਬੱਚਿਆਂ ਦੇ ਸਿਰ ਤੋਂ ਉਠਿਆ ਪਿਤਾ ਦਾ ਸਾਇਆ

0
577

ਲੁਧਿਆਣਾ, 27 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਨੌਜਵਾਨ ਵੱਲੋਂ ਜਾਨ ਦੇਣ ਦਾ ਪਤਾ ਲੱਗਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੂੰ ਕਰਜ਼ਦਾਰ ਪ੍ਰੇਸ਼ਾਨ ਕਰਦੇ ਸਨ। ਇਸੇ ਤਣਾਅ ਦੇ ਚੱਲਦਿਆਂ ਉਸ ਨੇ ਖੌਫਨਾਕ ਕਦਮ ਚੁੱਕ ਲਿਆ। ਉਹ ਲੰਬੇ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਵੀ ਸੀ। ਮ੍ਰਿਤਕ ਦੀ ਪਛਾਣ ਰਾਮਕਰਨ 30 ਸਾਲ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਵਿਆਹਿਆ ਹੋਇਆ ਸੀ। ਉਨ੍ਹਾਂ ਦੀ 1 ਬੇਟੀ ਅਤੇ 2 ਬੇਟੇ ਹਨ। ਉਹ ਕਰੀਬ 7 ਦਿਨ ਪਹਿਲਾਂ ਹੀ ਪਿੰਡ ਤੋਂ ਆਇਆ ਸੀ। ਉਹ ਪਿੰਡ ਵਿਚ ਪ੍ਰੈਸ ਚਲਾਉਂਦਾ ਸੀ। ਪਿਤਾ ਨੇ ਦੱਸਿਆ ਕਿ ਉਸ ਦੀ ਧੀ ਰੇਖਾ ਦੇ ਵਿਆਹ ਵਿਚ ਦਾਜ ਵਜੋਂ ਦਿੱਤੇ ਗਏ ਮੋਟਰਸਾਈਕਲ ਦੀਆਂ ਕਿਸ਼ਤਾਂ ਦੀ ਮੰਗ ਕਰਨ ਵਾਲੇ ਲੋਕਾਂ ਵਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਪਿਤਾ ਜਦੋਂ ਕਮਰੇ ‘ਚ ਆਇਆ ਤਾਂ ਰਾਮਕਰਨ ਨੇ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਜਦੋਂ ਫ਼ੋਨ ਕੀਤਾ ਤਾਂ ਫ਼ੋਨ ਵੱਜਦਾ ਰਿਹਾ ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਪਿਤਾ ਰਾਮਸ਼ੀਸ਼ ਨੇ ਤੁਰੰਤ ਰੌਲਾ ਪਾਇਆ। ਪੁਲਿਸ ਅਤੇ ਮਕਾਨ ਮਾਲਕ ਦੀ ਹਾਜ਼ਰੀ ਵਿਚ ਦਰਵਾਜ਼ਾ ਤੋੜਿਆ ਗਿਆ ਤਾਂ ਪੁੱਤਰ ਦੀ ਲਾਸ਼ ਲਟਕਦੀ ਮਿਲੀ। ਪਿਤਾ ਅਨੁਸਾਰ ਕੁਝ ਲੋਕ ਉਸ ਦੇ ਪੁੱਤਰ ਨੂੰ ਕਿਸ਼ਤਾਂ ਲਈ ਵੀ ਤੰਗ ਪ੍ਰੇਸ਼ਾਨ ਕਰਦੇ ਸਨ। ਫਿਲਹਾਲ ਚੌਕੀ ਸ਼ੇਰਪੁਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਹੈ। ਪੋਸਟਮਾਰਟਮ ਤੋਂ ਬਾਅਦ ਰਾਮਕਰਨ ਦਾ ਸਸਕਾਰ ਕੀਤਾ ਜਾਵੇਗਾ।