ਲੁਧਿਆਣਾ, 8 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਹਾਲੇ ਤਕ ਆਪਣੇ ਵਾਹਨ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈ ਤਾਂ ਜਲਦ ਲਗਵਾ ਲਵੋ, ਨਹੀਂ ਤਾਂ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਅੱਜ ਤੋਂ ਟ੍ਰੈਫਿਕ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵਿਸ਼ੇਸ਼ ਨਾਕੇ ਲਗਾ ਕੇ ਚਲਾਨ ਕੱਟਣੇ ਸ਼ੁਰੂ ਕੀਤੇ ਜਾ ਰਹੇ ਹਨ। ਇਸ ਲਈ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਤੇ ਹੁਣ ਚੌਕਾਂ ’ਚ ਬਿਨਾਂ ਸਕਿਓਰਿਟੀ ਨੰਬਰ ਪਲੇਟ ਦੇ ਨਿਕਲਣਾ ਮੁਸ਼ਕਲ ਹੋਵੇਗਾ। ਇਕੱਲੇ ਲੁਧਿਆਣਾ ’ਚ ਹਾਲੇ ਵੀ 5 ਲੱਖ ਅਜਿਹੇ ਦੋਪਹੀਆ ਤੇ ਚਾਰ ਪਹੀਆ ਵਾਹਨ ਘੁੰਮ ਰਹੇ ਹਨ, ਜਿਨ੍ਹਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਹਨ।
ਵਾਰ-ਵਾਰ ਹੁਕਮ ਦੇਣ ਦੇ ਬਾਵਜੂਦ ਲੋਕ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਨੂੰ ਤਿਆਰ ਨਹੀਂ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਸਾਲ 2012 ’ਚ ਜਾਰੀ ਹੁਕਮਾਂ ’ਚ ਹਰੇਕ ਵਾਹਨ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਬੇਨਤੀ ਕੀਤੀ ਸੀ ਪਰ 11 ਸਾਲ ਲੰਘਣ ਦੇ ਬਾਵਜੂਦ ਵੱਡੀ ਗਿਣਤੀ ਵਾਹਨ ਹਾਈ ਸਕਿਓਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਹਨ।
ਹੁਣ ਜੇਕਰ ਕੋਈ ਵਿਅਕਤੀ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਪੁਲਿਸ ਉਸ ਦਾ ਚਲਾਨ ਕੱਟੇਗੀ। ਚਲਾਨ ਵਜੋਂ 3 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਦੇ ਬਾਵਜੂਦ ਵੀ ਜੇਕਰ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈ ਤਾਂ ਪ੍ਰਭਾਵੀ ਕਾਰਵਾਈ ਹੋ ਸਕਦੀ ਹੈ। ਪੁਲਿਸ ਵਾਹਨ ਚਾਲਕ ਖ਼ਿਲਾਫ਼ ਅਪਰਾਧਕ ਮਾਮਲਾ ਵੀ ਦਰਜ ਕਰ ਸਕਦੀ ਹੈ।
ਇਸ ਹਾਈ ਸਕਿਓਰਿਟੀ ਨੰਬਰ ਪਲੇਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਿਥੇ ਵੀ ਕੈਮਰਾ ਲੱਗਾ ਹੋਵੇਗਾ, ਉਸ ਨਾਲ ਨੰਬਰ ਨੂੰ ਆਸਾਨੀ ਨਾਲ ਟਰੇਸ ਕੀਤਾ ਜਾ ਸਕਦਾ ਹੈ। ਇਸ ਨੰਬਰ ਪਲੇਟ ਨੂੰ ਆਸਾਨੀ ਨਾਲ ਬਲਦਿਆ ਨਹੀਂ ਜਾ ਸਕਦਾ। ਇਹੀ ਨਹੀਂ ਇਹ ਸਰਕਾਰ ਦੇ ਵਾਹਨ ਫਾਰ ਸਾਫਟਵੇਅਰ ’ਚ ਅਪਡੇਟ ਹੁੰਦੀ ਹੈ। ਨਿਯਮਾਂ ਅਨੁਸਾਰ ਕੋਈ ਵੀ ਨਵਾਂ ਵਾਹਨ ਏਜੰਸੀ ਤੋਂ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਬਾਹਰ ਨਹੀਂ ਆ ਸਕਦਾ। ਇਸ ਦੇ ਬਾਵਜੂਦ ਹਾਲੇ ਵੀ ਟੈਂਪਰੇਰੀ ਨੰਬਰ ਲੱਗੇ ਵਾਹਨ ਏਜੰਸੀਆਂ ਤੋਂ ਬਾਹਰ ਆ ਰਹੇ ਹਨ।
ਡੀਸੀਪੀ ਟ੍ਰੈਫਿਕ ਵਰਿੰਦਰ ਬਰਾੜ ਦਾ ਕਹਿਣਾ ਹੈ ਕਿ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲਗਵਾਉਣ ਕਾਰਨ ਕਈ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਸੁਪਰੀਮ ਕੋਰਟ ਵੱਲੋਂ ਵੀ ਹੁਕਮ ਹਨ ਕਿ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਈਆਂ ਜਾਣ। ਉਨ੍ਹਾਂ ਕਿਹਾ ਕਿ 8 ਦਸੰਬਰ ਤੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤੇ ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਧਿਆਨ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵੱਲ ਹੋਵੇਗਾ। ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਹਨਾਂ ਦੇ ਚਲਾਨ ਕੱਟਣ ਦੇ ਹੁਕਮ ਦਿੱਤੇ ਗਏ ਹਨ।