ਲੁਧਿਆਣਾ : ਘਰ ਅੱਗੇ ਐਕਟਿਵਾ ਖੜ੍ਹੀ ਹੋਣ ਨੂੰ ਲੈ ਕੇ 2 ਧਿਰਾਂ ‘ਚ ਚੱਲੇ ਇੱਟਾਂ-ਰੋੜੇ, ਮੁਹੱਲੇ ਵਾਲਿਆਂ ਇਕ ਧਿਰ ‘ਤੇ ਚਿੱਟਾ ਵੇਚਣ ਦੇ ਲਗਾਏ ਆਰੋਪ

0
618

ਲੁਧਿਆਣਾ, 9 ਦਸੰਬਰ | ਲੁਧਿਆਣਾ ਦੇ ਆਦਰਸ਼ ਨਗਰ ਵਿਚ 2 ਧਿਰਾਂ ਵਿਚਕਾਰ ਜੰਮ ਕੇ ਇੱਟਾਂ-ਰੋੜੇ ਚੱਲੇ, ਜਿਸ ਵਿਚ ਇਕ ਧਿਰ ਦੀ ਔਰਤ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮੁਹੱਲਾ ਵਾਸੀਆਂ ਨੇ ਗਲੀ ਵਿਚ ਹੀ ਰਹਿਣ ਵਾਲੇ ਇਕ ਘਰ ਦੇ ਲੋਕਾਂ ਉਤੇ ਸ਼ਰੇਆਮ ਚਿੱਟਾ ਵੇਚਣ ਦੇ ਆਰੋਪ ਲਗਾਏ ਹਨ।

ਲੋਕਾਂ ਨੇ ਦੱਸਿਆ ਕਿ ਚਿੱਟਾ ਲੈਣ ਵਾਲੇ ਨੌਜਵਾਨਾਂ ਦਾ ਗਲੀ ਵਿਚ ਇਕੱਠ ਰਹਿੰਦਾ ਹੈ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਲੜਕੀਆਂ ਦਾ ਗਲੀ ਵਿਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਅੱਜ ਵੀ ਚਿੱਟਾ ਲੈਣ ਆਏ ਨੌਜਵਾਨ ਨੇ ਗਲੀ ਵਿਚਕਾਰ ਐਕਟਿਵਾ ਖੜ੍ਹੀ ਕਰ ਦਿੱਤੀ ਤਾਂ ਕੁਝ ਲੋਕਾਂ ਨੇ ਇਤਰਾਜ਼ ਕੀਤਾ ਅਤੇ ਐਕਟਿਵਾ ਸਾਈਡ ਉਤੇ ਖੜ੍ਹੀ ਕਰਨ ਨੂੰ ਕਿਹਾ ਤਾਂ ਇੰਨੀ ਗੱਲ ਨੂੰ ਲੈ ਕੇ ਉਕਤ ਨੌਜਵਾਨ ਨੇ ਆਵਾਜ਼ ਮਾਰ ਕੇ ਹੋਰ ਨੌਜਵਾਨਾਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਝਗੜਾ ਵੱਧ ਗਿਆ ਅਤੇ ਦੋਵੇਂ ਧਿਰਾਂ ਵੱਲੋਂ ਇੱਟਾਂ-ਰੋੜ੍ਹੇ ਚਲਾਏ ਗਏ।

ਉਧਰ ਦੂਜੀ ਧਿਰ ਨੇ ਮੰਨਿਆ ਕਿ ਉਨ੍ਹਾਂ ਦਾ ਲੜਕਾ ਚਿੱਟਾ ਪੀਣ ਦਾ ਆਦੀ ਸੀ ਪਰ ਹੁਣ ਉਹ ਸੁਧਰ ਗਿਆ ਹੈ। ਮੁਹੱਲੇ ਵਾਲੇ ਬਿਨਾਂ ਵਜ੍ਹਾ ਪੁਰਾਣੀਆਂ ਗੱਲਾਂ ਨੂੰ ਲੈ ਕੇ ਰੰਜਿਸ਼ ਰੱਖਦੇ ਹਨ, ਜਿਸ ਕਰਕੇ ਅੱਜ ਵੀ ਮਾਮੂਲੀ ਗੱਲ ਨੂੰ ਵੱਡੀ ਲੜਾਈ ਬਣਾ ਦਿੱਤਾ। ਮੌਕੇ ਉਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਝਗੜੇ ਦੀ ਸੂਚਨਾ ਮਿਲੀ ਸੀ।