ਲੁਧਿਆਣਾ, 25 ਫਰਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਸਥਾਨਕ ਪਿੰਡ ਨੂਰਾਂ ਵਾਲਾ ‘ਚ ਮਤਰੇਏ ਪਿਓ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਆਪਣੀ ਨਾਬਾਲਗ ਧੀ ਨਾਲ ਸਾਥੀਆਂ ਸਮੇਤ ਗੈਂ.ਗਰੇਪ ਕੀਤਾ। ਉਕਤ ਮਾਮਲੇ ‘ਚ ਥਾਣਾ ਮਿਹਰਬਾਨ ਪੁਲਿਸ ਨੇ ਮੁਲਜ਼ਮ ਬਾਪ ਤੇ ਉਸ ਦੇ ਮਾਮੇ ਤੇ ਦੋਸਤ ਖਿਲਾਫ ਗੈਂਗਰੇਪ ਤੇ ਪੋਕਸੋ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਵਾਰਦਾਤ ਦੀ ਸ਼ਿਕਾਰ ਹੋਈ ਨਾਬਾਲਗ ਲੜਕੀ ਦੀ ਮਾਸੀ ਦੇ ਬਿਆਨਾਂ ਉੱਪਰ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਦੂਜਾ ਵਿਆਹ ਹੋਇਆ ਸੀ। ਮੁਲਜ਼ਮ ਨਾਲ ਵਿਆਹ ਮਗਰੋਂ ਉਸ ਦੀ ਭੈਣ ਆਪਣੀ 15 ਸਾਲ ਦੀ ਧੀ ਸਮੇਤ ਪਿੰਡ ਨੂਰਾਵਾਲਾ ਡਰੀਮ ਸਿਟੀ ਰਹਿ ਰਹੀ ਸੀ। ਕਰੀਬ ਇਕ ਮਹੀਨਾ ਪਹਿਲਾਂ ਸ਼ਿਕਾਇਤਕਰਤਾ ਦੀ ਭੈਣ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਤੇ ਉਹ ਆਪਣੇ ਪਤੀ ਤੋਂ ਨਰਾਜ਼ ਹੋ ਕੇ ਕਿੱਧਰੇ ਚਲੀ ਗਈ। ਪਰਮਿੰਦਰ ਸਿੰਘ ਨੇ 20 ਫਰਵਰੀ ਨੂੰ ਪਤਨੀ ਦੀ ਗੈਰ-ਮੌਜੂਦਗੀ ‘ਚ ਆਪਣੇ ਮਾਮੇ ਤੇ ਦੋਸਤ ਨਾਲ ਸ਼ਰਾਬ ਪੀਣ ਤੋਂ ਬਾਅਦ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕੀਤਾ।
ਵਾਰਦਾਤ ਦੀ ਸ਼ਿਕਾਰ ਹੋਈ ਪੀੜਤਾ ਨੇ ਆਪਣੀ ਮਾਸੀ ਨੂੰ ਹੱਡਬੀਤੀ ਸੁਣਾਈ ਤਾਂ ਸਾਰਾ ਮਾਮਲਾ ਥਾਣਾ ਮਿਹਰਬਾਨ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਰਾਧੇ ਸ਼ਾਮ ਮੁਤਾਬਕ ਮੁਲਜ਼ਮਾਂ ਖਿਲਾਫ ਗੈਂਗਰੇਪ ਤੇ ਪੋਕਸੋ ਐਕਟ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।