ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਰੋਡ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਮਹਿਲਾ ਮੈਡੀਕਲ ਹੈਲਪਰ ਦੀ ਮੌਤ ਹੋ ਗਈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮ੍ਰਿਤਕਾ ਗੁਰਪ੍ਰੀਤ ਕੌਰ (21) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਜਗਰਾਓਂ ਦੇ ਵਾਸੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਗੁਰਪ੍ਰੀਤ ਕੌਰ ਹਸਪਤਾਲ ਵਿਚ ਕੰਮ ਕਰਦੀ ਸੀ। ਰਾਤ ਦੇ 8 ਵਜੇ ਦੇ ਕਰੀਬ ਉਹ ਆਪਣੀ ਡਿਊਟੀ ਖ਼ਤਮ ਕਰਕੇ ਜਿਵੇਂ ਹੀ ਹਸਪਤਾਲ ‘ਚੋਂ ਬਾਹਰ ਆਈ, ਉਸ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੁਰਪ੍ਰੀਤ ਕੌਰ ਗੰਭੀਰ ਰੂਪ ‘ਚ ਫੱਟੜ ਹੋ ਗਈ। ਸਾਥੀ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਕੁਝ ਸਮੇਂ ਬਾਅਦ ਗੁਰਪ੍ਰੀਤ ਕੌਰ ਨੇ ਦਮ ਤੋੜ ਦਿੱਤਾ।
ਜਾਂਚ ਅਧਿਕਾਰੀ ਸੁਭਾਸ਼ ਰਾਜ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮੇਨ ਰੋਡ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਹਾਦਸੇ ਵਾਲੇ ਵਾਹਨ ਦੀ ਸ਼ਨਾਖਤ ਕਰਨ ਵਿਚ ਜੁਟ ਗਈ ਹੈ।




































