ਲੁਧਿਆਣਾ | ਗਲੀ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਕਾਰ ਸਵਾਰਾਂ ਨੇ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਅਮਨ ਮੁਤਾਬਕ ਹਮਲਾ ਕਰਨ ਵਾਲਿਆਂ ਨੇ ਕੁੱਟਮਾਰ ਕਰਨ ਮਗਰੋਂ ਦੁਕਾਨ ਦਾ ਫਰਨੀਚਰ ਵੀ ਭੰਨ ਦਿੱਤਾ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਦੁਕਾਨ ਦੇ ਮਾਲਕ ਦੇ ਬਿਆਨਾਂ ਉਪਰ ਕੁੱਟਮਾਰ ਕਰਨ ਵਾਲੇ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ, ਅਜਮਿੰਦਰ ਸਿੰਘ, ਗੋਲੂ ਸੰਨੀ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਤੇ ਮੁਲਜ਼ਮ ਅਜਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਅਮਨ ਸ਼੍ਰੀਵਾਸਤਵ ਨੇ ਦੱਸਿਆ ਕਿ ਉਹ ਰਾਮ ਨਗਰ ਮੁੰਡਿਆਂ ਇਲਾਕੇ ਵਿਚ ਪ੍ਰਿੰਟਿੰਗ ਪ੍ਰੈਸ ਦੇ ਨਾਂ ‘ਤੇ ਕਾਰੋਬਾਰ ਚਲਾਉਂਦਾ ਹੈ। ਉਹ ਆਪਣੇ ਭਰਾ ਆਕਾਸ਼ ਨਾਲ ਦੁਕਾਨ ਵਿਚ ਕੰਮ ਕਰ ਰਿਹਾ ਸੀ। ਦੁਪਹਿਰ ਕਰੀਬ ਸਾਢੇ 12 ਵਜੇ ਉਸ ਦੀ ਦੁਕਾਨ ਸਾਹਮਣੇ ਇਕ ਕਾਰ ਸਵਾਰ ਵਾਰ-ਵਾਰ ਹਾਰਨ ਮਾਰ ਰਿਹਾ ਸੀ। ਉਸ ਨੇ ਕਾਰ ਸਵਾਰ ਨੂੰ ਹਾਰਨ ਮਾਰਨ ਦਾ ਕਾਰਨ ਪੁੱਛਿਆ ਤਾਂ ਕਾਰ ਚਾਲਕ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਆ। ਮੁਲਜ਼ਮ ਨੇ ਮੁੱਦਈ ਨੂੰ ਗਲੀ ਵਿਚ ਖੜ੍ਹੀ ਕਾਰ ਅੱਗੇ ਕਰਨ ਲਈ ਕਿਹਾ ਅਤੇ ਆਪਣੇ ਕੁਝ ਹੋਰ ਸਾਥੀਆਂ ਨੂੰ ਮੌਕੇ ‘ਤੇ ਬੁਲਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਕੁੱਟਮਾਰ ਕਰਦੇ ਹੋਏ ਦੁਕਾਨ ਵਿਚ ਪਈਆਂ ਕੁਰਸੀਆਂ ਟੇਬਲ ਅਤੇ ਫਰਨੀਚਰ ਦੀ ਤੋੜ-ਭੰਨ ਕੀਤੀ। ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਗੁਆਂਢੀਆਂ ਨੂੰ ਵੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿਚ ਸ਼ਿਕਾਇਤਾਂ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਕੁੱਟਮਾਰ ਵਾਲੇ ਮੁਲਜ਼ਮ ਅਜਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।