ਲੁਧਿਆਣਾ/ਖੰਨਾ | ਤੜਕਸਾਰ ਦਰਦਨਾਕ ਸੜਕ ਹਾਦਸਾ ਹੋਇਆ। ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ ‘ਤੇ ਸੰਘਣੀ ਧੁੰਦ ਕਾਰਨ ਬੱਸ ਦੀ ਸਰੀਏ ਨਾਲ ਭਰੇ ਟਰੱਕ ‘ਚ ਟੱਕਰ ਹੋ ਗਈ। ਹਾਦਸੇ ‘ਚ ਇਕ ਔਰਤ ਦੀ ਜਾਨ ਚੱਲੀ ਗਈ ਤੇ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਵੀ ਉਥੇ ਪਹੁੰਚ ਗਈ। ਜ਼ਖਮੀਆਂ ਨੂੰ ਤੁਰੰਤ ਖੰਨਾ ਦੇ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ‘ਚ ਜ਼ਿਆਦਾਤਰ ਫੈਕਟਰੀ ‘ਚ ਕੰਮ ਕਰਨ ਵਾਲੀਆਂ ਔਰਤਾਂ ਹਨ।
ਦੱਸ ਦਈਏ ਕਿ ਫੈਕਟਰੀ ਦੇ ਵਰਕਰਾਂ ਨਾਲ ਭਰੀ ਬੱਸ ਸੜਕ ‘ਤੇ ਖੜ੍ਹੇ ਸਰੀਏ ਨਾਲ ਲੱਦੇ ਟਰੱਕ ਵਿਚ ਜਾ ਟਕਰਾਈ। ਹਾਦਸੇ ਦੌਰਾਨ ਚੀਕ- ਚਿਹਾੜਾ ਮਚ ਗਿਆ। ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਵਾਲੇ ਰਾਹਗੀਰ ਨੇ ਦੱਸਿਆ ਕਿ ਹਾਦਸਾ ਬਹੁਤ ਦਰਦਨਾਕ ਸੀ। ਟਰੱਕ ਦਾ ਸਰੀਆ ਬੱਸ ਅੰਦਰ ਹੀ ਵੜ ਗਿਆ। ਉਹ ਰਸਤੇ ਵਿਚ ਜਾ ਰਹੇ ਹਨ ਕਿ ਬੱਸ ਦੇ ਅੰਦਰੋਂ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ। ਇਸ ‘ਤੇ ਉਹ ਬੱਸ ਦੇ ਨੇੜੇ ਪਹੁੰਚਿਆ, ਜਿਥੇ ਲੋਕ ਖੂਨ ਨਾਲ ਲੱਥਪੱਥ ਪਏ ਸਨ।
ਜ਼ਖਮੀਆਂ ਨੂੰ ਬਚਾਅ ਕੇ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਨਾਮਕ ਨੌਜਵਾਨ ਜੋ ਕਿ ਬੀਜਾ ਦਾ ਰਹਿਣ ਵਾਲਾ ਹੈ, ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਸਰੀਏ ਨਾਲ ਲੱਦਿਆ ਇਹ ਟਰੱਕ ਦੇਰ ਰਾਤ ਤੋਂ ਸੜਕ ‘ਤੇ ਖੜ੍ਹਾ ਸੀ। ਡੀਐਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।