ਲੁਧਿਆਣਾ | ਇਥੋਂ ਦੇ ਪਿੰਡ ਚੁਪਕੀ ‘ਚ ਖੇਤਾਂ ਨੂੰ ਪਾਣੀ ਦੇਣ ਨੂੰ ਲੈ ਕੇ 2 ਪਰਿਵਾਰਾਂ ‘ਚ ਝਗੜਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਗੱਲ ਗੋਲੀਬਾਰੀ ਤੱਕ ਵਧ ਗਈ। ਇਸ ਘਟਨਾ ਵਿਚ ਦੋਵਾਂ ਧਿਰਾਂ ਦੇ 5 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਕ ਧਿਰ ਦੇ ਜ਼ਖ਼ਮੀ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਲੱਗਦੇ ਰਿਸ਼ਤੇਦਾਰਾਂ ਦੇ ਖੇਤ ਹਨ। ਐਤਵਾਰ ਦੇਰ ਰਾਤ ਯੁਗਰਾਜ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਜਾਣ-ਬੁੱਝ ਕੇ ਆਪਣੇ ਖੇਤਾਂ ਵੱਲ ਪਾਣੀ ਛੱਡ ਦਿੱਤਾ। ਜਦੋਂ ਉਸ ਨੂੰ ਪਾਣੀ ਲਾਉਣ ਤੋਂ ਰੋਕਿਆ ਤਾਂ ਉਸ ਨੇ ਸਾਥੀਆਂ ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਨਾਲ ਮਿਲ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਯੁਗਰਾਜ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ 2 ਗੋਲੀਆਂ ਕਰਨਜੋਤ ਦੇ ਪੱਟ ਵਿਚ ਲੱਗੀਆਂ। ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਲੈ ਗਏ ਅਤੇ ਗੋਲੀ ਚੱਲਣ ਦੀ ਸੂਚਨਾ ਡੇਹਲੋਂ ਪੁਲਿਸ ਨੂੰ ਦਿੱਤੀ। ਦੂਜੀ ਧਿਰ ਦੇ ਯੁਗਰਾਜ ਸਿੰਘ ਨੇ ਕਰਨਜੋਤ ’ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ।
ਉਸੇ ਸਮੇਂ ਕਰਨਜੋਤ ਉਥੇ ਆ ਗਈ ਅਤੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾ ਦਿੱਤਾ। ਇਸ ਦੌਰਾਨ ਉਸ ਦੀ ਲੜਾਈ ਹੋ ਗਈ। ਕਰਨਜੋਤ ਨੇ ਕੁਝ ਲੋਕਾਂ ਨੂੰ ਮੌਕੇ ‘ਤੇ ਬੁਲਾ ਕੇ ਹਮਲਾ ਕਰ ਦਿੱਤਾ। ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਹਮਲੇ ਵਿੱਚ ਉਹ, ਚਰਨਜੀਤ ਅਤੇ ਕੁਲਵੰਤ ਸਿੰਘ ਜ਼ਖ਼ਮੀ ਹੋ ਗਏ।