ਲੁਧਿਆਣਾ : ਦੁੱਖੜਾ ਸੁਣਾਉਣ ਗਈ ਵਿਆਹੁਤਾ ਨਾਲ ਮਦਦ ਦੇ ਨਾਂ ‘ਤੇ ਕੀਤੀ ਸ਼ਰਮਨਾਕ ਕਰਤੂਤ, ਪਰਚਾ ਦਰਜ

0
80

ਲੁਧਿਆਣਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਪਤੀ ਨਾਲ ਚੱਲ ਰਹੇ ਘਰੇਲੂ ਵਿਵਾਦ ਵਿਚ ਮਦਦ ਦੀ ਆਸ ਲੈ ਕੇ ਗਈ ਪੀੜਤ ਵਿਆਹੁਤਾ ਨਾਲ ਅਖੌਤੀ ਪ੍ਰਧਾਨ ਨੇ ਛੇੜਖਾਨੀ ਕੀਤੀ ਅਤੇ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਪੀੜਤਾ ਦੇ ਬਿਆਨਾਂ ਉੱਪਰ ਗੁਲਾਬੀ ਬਾਗ ਦੇ ਰਹਿਣ ਵਾਲੇ ਬਬਲੂ ਕੁਰੈਸ਼ੀ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਮੁਤਾਬਕ ਉਸਦਾ ਪਤੀ ਨਿਕਾਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਇਕੱਲਾ ਛੱਡ ਕੇ ਆਪਣੇ ਪਿੰਡ ਬਿਹਾਰ ਚਲਾ ਗਿਆ। ਉਹ ਆਪਣੇ ਪਤੀ ਨੂੰ ਲੁਧਿਆਣਾ ਵਾਪਸ ਲਿਆਉਣ ਲਈ ਕਾਫੀ ਭਟਕਦੀ ਰਹੀ ਅਤੇ ਇਸ ਦੌਰਾਨ ਉਸਨੂੰ ਕਿਸੇ ਨੇ ਗੁਲਾਬੀ ਬਾਗ਼ ਦੇ ਰਹਿਣ ਵਾਲੇ ਬਬਲੂ ਕੁਰੈਸ਼ੀ ਬਾਰੇ ਦੱਸਿਆ। ਪੀੜਤਾ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸਨੇ ਵਿਆਹੁਤਾ ਨੂੰ ਆਪਣੇ ਘਰ ਸੱਦਿਆ।

ਘਰ ਜਾ ਕੇ ਉਸਨੇ ਬਬਲੂ ਕੁਰੈਸ਼ੀ ਨੂੰ ਆਪਣਾ ਦੁੱਖੜਾ ਸੁਣਾਇਆ ਤਾਂ ਮੁਲਜ਼ਮ ਨੇ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਉਸ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਤਰ੍ਹਾਂ ਉਸਦੇ ਚੁੰਗਲ ਵਿੱਚੋਂ ਨਿਕਲ ਕੇ ਪੀੜਤ ਨੇ ਇਸ ਵਾਰਦਾਤ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸਹਾਇਕ ਥਾਣੇਦਾਰ ਜੀਵਨ ਸਿੰਘ ਮੁਤਾਬਕ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।