ਲੁਧਿਆਣਾ | ਪੁਲਿਸ ਨੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਸਬ-ਇੰਸਪੈਕਟਰ ਹੋਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਵਸੂਲਦਾ ਹੈ। ਅੱਜ ਪੁਲਿਸ ਮੁਲਜ਼ਮ ਸਬੰਧੀ ਪ੍ਰੈਸ ਕਾਨਫਰੰਸ ਕਰੇਗੀ। ਮੁਲਜ਼ਮ ਦੀ ਪਛਾਣ ਅਨਮੋਲ ਸਿੱਧੂ ਵਾਸੀ ਛਾਉਣੀ ਮੁਹੱਲਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 25 ਜੂਨ ਨੂੰ ਏ.ਐਸ.ਆਈ ਜਸਪਾਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਵੰਜਲੀ ਹੋਟਲ ਦੇ ਬਾਹਰ ਕਿਸੇ ਖਾਸ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਅਨਮੋਲ ਸਿੱਧੂ ਲੋਕਾਂ ‘ਚ ਆਪਣੇ ਆਪ ਨੂੰ ਪੁਲਿਸ ਵਿਭਾਗ ‘ਚ ਸਬ-ਇੰਸਪੈਕਟਰ ਦੱਸਦਾ ਹੈ। ਮੁਲਜ਼ਮ ਕੋਲ ਪੁਲਿਸ ਵਿਭਾਗ ਦਾ ਜਾਅਲੀ ਪਛਾਣ ਪੱਤਰ ਵੀ ਹੈ।
ਅਨਮੋਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਮੈਡੀਕਲ ਸਟੋਰ, ਗੈਸ ਸਿਲੰਡਰ ਰਿਫਿਲ ਅਤੇ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਤੋਂ ਪੁਲਿਸ ਦੇ ਨਾਂ ‘ਤੇ ਪੈਸੇ ਵਸੂਲਦਾ ਸੀ। ਚੈਕਿੰਗ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਇਨੋਵਾ ਕਾਰ ਪੀ.ਬੀ.07ਬੀ.ਡਬਲਿਊ-8742 ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਕੋਲੋਂ ਵਰਦੀ, ਜਾਅਲੀ ਆਈਡੀ ਕਾਰਡ ਅਤੇ ਮੋਬਾਈਲ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ।