ਲੁਧਿਆਣਾ/ਮੁੱਲਾਂਪੁਰ ਦਾਖਾ, 28 ਜਨਵਰੀ | ਸਥਾਨਕ ਜੈਨ ਭਵਨ ਰੋਡ ਮੰਡੀ ਮੁੱਲਾਂਪੁਰ ਦਾਖਾ ਵਿਖੇ ਘਰ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੀਆਂ ਕਾਰ ਸਵਾਰ ਨੌਸਰਬਾਜ਼ ਔਰਤ ਨੇ 3 ਤੋਲੇ ਦੀਆਂ ਸੋਨੇ ਦੀਆਂ ਵੰਗਾਂ ਲਾਹ ਲਈਆਂ ਅਤੇ ਰਫੂ-ਚੱਕਰ ਹੋ ਗਈ। ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਤ੍ਰਿਸ਼ਨਾ ਰਾਣੀ ਪਤਨੀ ਤਰਸੇਮ ਲਾਲ ਜੈਨ ਜਰਨਲ ਸਟੋਰ ਰਾਏਕੋਟ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਤਾਂ ਇਕ ਕਾਰ ਉਸ ਕੋਲ ਆਈ, ਜਿਸ ਵਿਚ ਕਾਰ ਡਰਾਈਵਰ ਨਾਲ 2 ਔਰਤਾਂ ਬੈਠੀਆਂ ਸਨ। ਉਨ੍ਹਾਂ ਤ੍ਰਿਸ਼ਨਾ ਰਾਣੀ ਨੂੰ ਆਪਣੇ ਕੋਲ ਬੁਲਾਇਆ ਤੇ ਕਾਰ ਵਿਚੋਂ ਨੌਸਰਬਾਜ਼ ਔਰਤ ਨੇ ਰਸਤਾ ਪੁੱਛਣ ਬਹਾਨੇ ਗਲਵੱਕੜੀ ਪਾਈ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਬਾਹਾਂ ਵਿਚ ਪਈਆਂ ਡੇਢ-ਡੇਢ ਤੋਲੇ ਦੀਆਂ 2 ਸੋਨੇ ਦੀਆਂ ਵੰਗਾਂ ਲਾਹ ਕੇ ਫਰਾਰ ਹੋ ਗਈਆਂ।
ਪੀੜਤਾ ਨੂੰ ਪਹਿਲਾਂ ਕੁਝ ਵੀ ਸਮਝ ਨਾ ਆਇਆ। ਕੁਝ ਕੁ ਮਿੰਟਾਂ ਬਾਅਦ ਜਦੋਂ ਆਪਣੀਆਂ ਬਾਹਾਂ ਸੁੰਨੀਆਂ ਦੇਖੀਆਂ ਤਾਂ ਪਤਾ ਲੱਗਾ ਕਿ ਮੇਰੇ ਨਾਲ ਠੱਗੀ ਵੱਜ ਗਈ ਹੈ। ਇਸ ਸੰਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ ਹੈ। ਏ. ਐੱਸ. ਆਈ. ਪਰਮਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।