ਲੁਧਿਆਣਾ : ਨਿਹੰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਛਬੀਲ ‘ਤੇ ਹੋਇਆ ਸੀ ਵਿਵਾਦ, ਨੌਜਵਾਨਾਂ ਨੇ ਦੌੜਾਅ-ਦੌੜਾਅ ਕੇ ਉਤਾਰਿਆ ਮੌਤ ਦੇ ਘਾਟ

0
333

ਲੁਧਿਆਣਾ| ਵੀਰਵਾਰ ਦੇਰ ਰਾਤ ਬਾਈਕ ਸਵਾਰ ਦੋ ਨੌਜਵਾਨਾਂ ਨੇ ਇਕ ਨਿਹੰਗ ਸਿੱਖ ਨੂੰ ਤੇਜ਼ਧਾਰ ਹਥਿਆਰਾਂ ਨਾਲ ਘੇਰ ਕੇ ਕਤਲ ਕਰ ਦਿੱਤਾ। ਬਾਅਦ ‘ਚ ਨੌਜਵਾਨ ਰੌਲਾ ਪਾਉਂਦੇ ਹੋਏ ਉਥੋਂ ਭੱਜ ਗਏ। ਨਿਹੰਗ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਸੜਕ ‘ਤੇ ਪਈ ਸੀ। ਬਾਅਦ ‘ਚ ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਜਾਣਕਾਰੀ ਅਨੁਸਾਰ ਨਿਹੰਗ ਬਲਦੇਵ ਸਿੰਘ ਡਰਾਈਵਰ ਵਜੋਂ ਕੰਮ ਕਰਦਾ ਸੀ। ਵੀਰਵਾਰ ਰਾਤ ਉਹ ਕੰਮ ਤੋਂ ਵਾਪਸ ਆਇਆ ਅਤੇ ਡਾਕਟਰ ਕੋਲ ਦਵਾਈ ਲੈਣ ਜਾ ਰਿਹਾ ਸੀ। ਸੂਆ ਰੋਡ ‘ਤੇ ਡਾਬਾ ਥਾਣੇ ਦੇ ਕੋਲ ਨੌਜਵਾਨਾਂ ਨੇ ਉਸ ਦੇ ਸਿਰ ਅਤੇ ਮੱਥੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਕੁੱਟਮਾਰ ਕੀਤੀ। ਬਾਅਦ ‘ਚ ਉਸ ਦੀ ਸੜਕ ‘ਤੇ ਹੀ ਮੌਤ ਹੋ ਗਈ।

ਬੁੱਧਵਾਰ ਨੂੰ ਬਲਦੇਵ ਅਤੇ ਉਸ ਦੇ ਸਾਥੀਆਂ ਨੇ ਇਕੱਠੇ ਹੋ ਕੇ ਛਬੀਲ ਲਗਾਈ ਸੀ। ਇਸੇ ਦੌਰਾਨ ਬਲਦੇਵ ਦੀ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਨਾਲ ਬਹਿਸ ਹੋ ਗਈ। ਬਲਦੇਵ ਨੇ ਉਕਤ ਨੌਜਵਾਨਾਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਇਸੇ ਦੁਸ਼ਮਣੀ ‘ਚ ਉਕਤ ਨੌਜਵਾਨਾਂ ਨੇ ਬਲਦੇਵ ਦਾ ਕਤਲ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਕਤ ਨੌਜਵਾਨ ਇਲਾਕੇ ‘ਚ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਪੁਲਿਸ ਨੇ ਉਸ ਨੂੰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ ਪਰ ਉਹ ਜੇਲ੍ਹ ਤੋਂ ਬਾਹਰ ਆ ਗਏ ਸੀ।

ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵਾਰਦਾਤ ਵਾਲੀ ਥਾਂ ਤੋਂ ਵੱਖ-ਵੱਖ ਸੁਰਾਗ ਜੁਟਾ ਰਹੀ ਹੈ।