ਲੁਧਿਆਣਾ| ਭੱਟੀਆਂ ਇਲਾਕੇ ਵਿਚ ਲੰਘੇ ਕੁਝ ਮਹੀਨੇ ਪਹਿਲਾਂ ਮਤਰੇਏ ਪਿਓ ਨੇ ਆਪਣੇ ਪੁੱਤ ਦਾ ਕਤਲ ਕਰਕੇ ਲਾਸ਼ ਡਰੰਮ ਵਿਚ ਪਾ ਕੇ ਲੁਕੋ ਦਿੱਤੀ ਸੀ। ਪੁਲਿਸ ਵਲੋਂ ਮ੍ਰਿਤਕ ਪਿਯੂਸ਼ ਕੁਮਾਰ ਦੀ ਮਾਤਾ ਦੇ ਬਿਆਨ ਉਤੇ ਉਸਦੇ ਖਿਲਾਫ ਮਾਮਲੇ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਮੁਤਾਬਿਕ ਥਾਣੇ ਸਲੇਮ ਟਾਬਰੀ ਦੀ ਪੁਲਿਸ ਵਲੋਂ ਬਿਹਾਰ ਤੇ ਝਾਰਖੰਡ ਟੀਮ ਭੇਜ ਕੇ ਮੁਲਜ਼ਮ ਦੀ ਭਾਲ ਕੀਤੀ ਸੀ, ਜਿਸ ਤੋਂ ਬਾਅਦ ਮੁਖਬਰ ਦੀ ਇਤਲਾਹ ਉਤੇ ਪਤਾ ਲੱਗਾ ਕੇ ਲੰਘੇ ਦਿਨੀਂ 9 ਅਗਸਤ ਨੂੰ ਮੁਲਜ਼ਮ ਘਰ ਦੇ ਆਸਪਾਸ ਨਜ਼ਰ ਆਇਆ ਤੇ ਪੁਲਿਸ ਵਲੋਂ ਉਸਨੂੰ ਕਾਬੂ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਏਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁਲਜ਼ਮ ਵਿਵੇਕਾਨੰਦ ਮੰਡਲ ਦਾ 5 ਦਸੰਬਰ ਨੂੰ ਆਪਣੇ ਮਤਰੇਏ ਲੜਕੇ ਪਿਊਸ਼ ਕੁਮਾਰ ਨਾਲ ਝਗੜਾ ਹੋਇਆ ਸੀ ਤੇ ਉਸਨੇ ਨਸ਼ੇ ਦੀ ਹਾਲਤ ਵਿਚ ਉਸਦੇ ਸਿਰ ਵਿਚ ਹਥੌੜਾ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਮੁਲਜ਼ਮ ਨੇ ਆਪਣੇ ਲੜਕੇ ਦੀ ਲਾਸ਼ ਇਕ ਡਰੰਮ ਵਿਚ ਪਾ ਕੇ ਉਸਨੂੰ ਮਿੱਟੀ ਨਾਲ ਭਰ ਕੇ ਉਤੋਂ ਪਲੱਸਤਰ ਕਰ ਦਿੱਤਾ ਸੀ।
ਉਨ੍ਗਾਂ ਦੱਸਿਆ ਕਿ ਹਰਜੀਤ ਸਿੰਘ ਮੁੱਖ ਅਫਸਰ ਥਾਣਾ ਸਲੇਮਟਾਬਰੀ ਵਲੋਂ ਇਸ ਮਾਮਲੇ ਦਾ ਪਰਚਾ ਦਰਜ ਕੀਤਾ ਸੀ ਤੇ ਮੁਲਜ਼ਮ ਵਿਵੇਕਾਨੰਦ ਮੰਡਲ 14 ਦਸੰਬਰ ਨੂੰ ਫਰਾਰ ਹੋ ਗਿਆ ਸੀ, ਜਿਸਨੂੰ ਲੰਘੇ ਦਿਨੀਂ 9 ਅਗਸਤ ਨੂੰ ਥਾਣਾ ਮੁਖੀ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗੁਰੂ ਕ੍ਰਿਪਾ ਕਾਲੋਨੀ ਨੇੜੇ ਵਾਟਰ ਟ੍ਰੀਟਮੈਂਟ ਪਲਾਂਟ ਭੱਟੀਆਂ ਲੁਧਿਆਣਾ ਪਾਸ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ ਹੈ। ਕਤਲ ਵਿਚ ਵਰਤਿਆ ਗਿਆ ਹਥੌੜਾ ਤੇ ਕਾਂਡੀ, ਘਰ ਦੇ ਨਾਲ ਹੀ ਖਾਲੀ ਪਏ ਪਲਾਟ ਵਿਚ ਮਿੱਟੀ ਵਿਚ ਦਬਾ ਕੇ ਰੱਖਿਆ ਹੈ, ਜੋ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਉਤੇ ਬਰਾਮਦ ਕਰ ਲਿਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)