ਲੁਧਿਆਣਾ | 14 ਸਾਲ ਦੀ ਮਾਸੂਮ ਬੱਚੀ ਨਾਲ ਲਗਾਤਾਰ 25 ਦਿਨਾਂ ਤੱਕ ਬਲਾਤਕਾਰ ਦੀ ਹੈਵਾਨੀਅਤ ਭਰੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਗਿਆਸਪੁਰਾ ਦੇ ਰਹਿਣ ਵਾਲੇ ਆਦਰਸ਼ ਤਿਵਾੜੀ ਅਤੇ ਸਤਿਅਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਔਰਤ ਨੇ ਦੱਸਿਆ ਕਿ ਜੁਲਾਈ ਮਹੀਨੇ ਉਨ੍ਹਾਂ ਦੀ ਨਾਬਾਲਗ ਲੜਕੀ ਅਚਾਨਕ ਕਿਤੇ ਚਲੀ ਗਈ। ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਹਰ ਜਗ੍ਹਾ ਤਲਾਸ਼ਣ ਦਾ ਯਤਨ ਕੀਤਾ ਪਰ ਉਸ ਸਬੰਧੀ ਕੋਈ ਜਾਣਕਾਰੀ ਨਾ ਮਿਲੀ। ਇਸੇ ਦੌਰਾਨ ਲੜਕੀ ਨੂੰ ਲੈ ਕੇ 3 ਵਿਅਕਤੀ ਆਏ, ਜਿਨ੍ਹਾਂ ਨੇ ਇਹ ਕਿਹਾ ਕਿ ਉਨ੍ਹਾਂ ਦੀ ਲੜਕੀ ਈਸਟਮੈਨ ਚੌਕ ਦੇ ਕੋਲ ਘੁੰਮ ਰਹੀ ਸੀ।
ਘਰ ਵਿੱਚ ਨਾਬਾਲਗ ਲੜਕੀ ਦੀ ਮਾਂ ਦੇ ਇਕੱਲੇ ਹੋਣ ਦਾ ਫਾਇਦਾ ਚੁੱਕਦਿਆਂ ਤਿੰਨੋਂ ਵਿਅਕਤੀ ਤੁਰੰਤ ਮੌਕੇ ਤੋਂ ਭੱਜ ਗਏ । ਸ਼ਾਮ ਵੇਲੇ ਪਰਿਵਾਰ ਦੇ ਹੋਰ ਮੈਂਬਰ ਜਦ ਘਰ ਆਏ ਤਾਂ ਲੜਕੀ ਨੇ ਜੋ ਕੁਝ ਦੱਸਿਆ ਉਹ ਪ੍ਰੇਸ਼ਾਨ ਕਰ ਦੇਣ ਵਾਲਾ ਸੀ।
ਲੜਕੀ ਨੇ ਮਾਪਿਆਂ ਨੂੰ ਦੱਸਿਆ ਕਿ ਆਰੋਪੀ ਆਦਰਸ਼ ਤਿਵਾੜੀ ਆਪਣੇ ਦੋਸਤ ਸੱਤਿਅਮ ਨਾਲ ਮਿਲ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸ਼ੇਰਪੁਰ ਮਾਰਕੀਟ ਦੇ ਇਕ ਕਮਰੇ ਵਿਚ ਲੈ ਗਿਆ, ਜਿੱਥੇ ਆਰੋਪੀਆਂ ਨੇ ਲਗਾਤਾਰ 25 ਦਿਨਾਂ ਤੱਕ ਲੜਕੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਉਸ ਦੀ ਇੱਜ਼ਤ ਲੁੱਟੀ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਣਕਾਰੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿੱਤੀ।
ਥਾਣੇਦਾਰ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਮੁੱਖ ਆਰੋਪੀ ਆਦਰਸ਼ ਤਿਵਾੜੀ ਅਤੇ ਉਸ ਦੇ ਦੋਸਤ ਸਤਿਅਮ ਖ਼ਿਲਾਫ਼ ਕੇਸ ਦਰਜ ਕਰਕੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।