ਲੁਧਿਆਣਾ : ਲੰਬੇ ਸਮੇਂ ਤੋਂ ਭਗੌੜਾ ਗੈਂਗਸਟਰ ਜਿੰਦੀ ਗ੍ਰਿਫਤਾਰ, 9 ਮਹੀਨੇ ਪਹਿਲਾਂ CIA ਸਟਾਫ ‘ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੀਤੀ ਸੀ ਕੋਸ਼ਿਸ਼

0
1645

ਲੁਧਿਆਣਾ | ਸੀਆਈਏ ਦੀ ਟੀਮ ਗੈਂਗਸਟਰਾਂ ਨੂੰ ਫੜਨ ਲਈ ਜ਼ਿਲ੍ਹਾ ਲੁਧਿਆਣਾ ‘ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੀਆਈਏ ਦੀ ਟੀਮ ਨੇ ਹੁਣ ਲੰਬੇ ਸਮੇਂ ਤੋਂ ਭਗੌੜੇ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿੰਦੀ ਨੂੰ ਦੇਰ ਰਾਤ ਪੁਲਿਸ ਨੇ ਫੜ ਲਿਆ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਅੱਜ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

ਜਿੰਦੀ ਅਤੇ ਉਸ ਦੇ ਸਾਥੀਆਂ ਨੇ 9 ਮਹੀਨੇ ਪਹਿਲਾਂ ਇੱਕ ਸਵਿਫਟ ਕਾਰ ਨਾਲ ਸੀਆਈਏ ਸਟਾਫ਼ ‘ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇੰਚਾਰਜ ਰਾਜੇਸ਼ ਸ਼ਰਮਾ ਨੇ ਬਦਮਾਸ਼ ਨੂੰ ਫੜਨ ਲਈ ਟਾਇਰ ‘ਤੇ 2 ਗੋਲੀਆਂ ਵੀ ਚਲਾਈਆਂ ਪਰ ਬਦਮਾਸ਼ ਫਰਾਰ ਹੋ ਗਿਆ ਸੀ। ਬਦਮਾਸ਼ ਜਿੰਦੀ ਡੇਢ ਸਾਲ ਤੋਂ ਵੱਖ-ਵੱਖ ਮਾਮਲਿਆਂ ‘ਚ ਫਰਾਰ ਹੈ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੇਲੇ ਜਿੰਦੀ ਦਾ ਪਾਰਟੀ ‘ਚ ਕਾਫੀ ਰੁਤਬਾ ਸੀ।

ਜਿੰਦੀ ਨੇ 9 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਪੁਲਿਸ ਟੀਮ ‘ਤੇ ਪਿਸਤੌਲ ਨਹੀਂ ਤਾਣੀ। ਜਿੰਦੀ ਅਨੁਸਾਰ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਗੈਂਗਸਟਰ ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸੋਚ ਕੇ ਉਸ ਨੇ ਕਾਰ ਉਥੋਂ ਭਜਾ ਦਿੱਤੀ।

ਜਿੰਦੀ ਅਨੁਸਾਰ ਉਸ ਨੇ ਨਾ ਤਾਂ ਕਿਸੇ ਵੱਲ ਪਿਸਤੌਲ ਤਾਣੀ ਅਤੇ ਨਾ ਹੀ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੈਂਗਸਟਰ ਬਣਾਇਆ ਜਾ ਰਿਹਾ ਹੈ। ਉਸ ‘ਤੇ ਕੁਝ ਕੇਸ ਦਰਜ ਹਨ। ਕਈ ਮਾਮਲਿਆਂ ‘ਚ ਉਸ ਦਾ ਰਾਜੀਨਾਮਾ ਵੀ ਹੋ ਚੁੱਕਾ ਹੈ।

ਜਿੰਦੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੰਦੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਕਾਫੀ ਕਰੀਬੀ ਰਿਹਾ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੰਦੀ ਖੁਦ ਆਜ਼ਾਦ ਉਮੀਦਵਾਰ ਵਜੋਂ ਵਾਰਡ ਨੰਬਰ 6 ਤੋਂ ਨਿਗਮ ਚੋਣ ਲੜ ਚੁੱਕੇ ਹਨ।

ਉਸ ਸਮੇਂ ਜਿੰਦੀ ਨੂੰ ਕਰੀਬ 1200 ਵੋਟਾਂ ਮਿਲੀਆਂ ਸਨ। ਜਿੰਦੀ ਦਾ ਮੁਕਾਬਲਾ ਕਾਂਗਰਸ ਦੇ ਜਗਦੀਸ਼ ਲਾਲ ਦੀਸ਼ਾ ਅਤੇ ਅਕਾਲੀ ਦਲ ਦੇ ਸਰਬਜੀਤ ਸਿੰਘ ਲਾਡੀ ਨਾਲ ਸੀ। ਅਕਾਲੀ ਦਲ ਦੇ ਸਰਬਜੀਤ ਲਾਡੀ ਨੇ 295 ਵੋਟਾਂ ਨਾਲ ਚੋਣ ਜਿੱਤੀ ਸੀ।