ਲੁਧਿਆਣਾ : ਕੰਧ ‘ਤੇ ਪੇਸ਼ਾਬ ਕਰਨੋਂ ਰੋਕਿਆ ਤਾਂ ਸਕੇ ਭਰਾਵਾਂ ਨੇ ਕੁੱਟ-ਕੁੱਟ ਮਾਰ ਸੁੱਟਿਆ ਅੱਧਖੜ ਉਮਰ ਦਾ ਬੰਦਾ

0
973

ਲੁਧਿਆਣਾ| ਨੂਰਵਾਲਾ ਰੋਡ ਸਥਿਤ ਗੋਲਡਨ ਵਿਹਾਰ ਕਾਲੋਨੀ ‘ਚ ਸੋਮਵਾਰ ਦੇਰ ਰਾਤ ਕੁਝ ਨੌਜਵਾਨਾਂ ਨੇ ਪਹਿਲਾਂ ਇਕ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਅਤੇ ਫਿਰ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤਿੰਨ ਹੋਰ ਫਰਾਰ ਹਨ। ਘਰ ਦੇ ਸਾਹਮਣੇ ਪਿਸ਼ਾਬ ਕਰਨ ਤੋਂ ਰੋਕਣ ਨੂੰ ਲੈ ਕੇ ਝਗੜਾ ਹੋਇਆ ਸੀ।

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ਦੇ ਪਿੰਡ ਮਾਧਵਪੁਰ ਦਾ ਰਹਿਣ ਵਾਲਾ ਰਾਮ ਜਿਆਵਨ ਕਾਫੀ ਸਮੇਂ ਤੋਂ ਗੋਲਡਨ ਵਿਹਾਰ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਉਹ ਇੱਕ ਪ੍ਰਿੰਟਿੰਗ ਫੈਕਟਰੀ ਵਿੱਚ ਕੰਮ ਕਰਦਾ ਸੀ। ਸੋਮਵਾਰ ਰਾਤ ਰਾਮ ਜਿਆਵਨ ਦੀ ਬੇਟੀ ਕੂੜੇ ਨਾਲ ਭਰਿਆ ਲਿਫਾਫਾ ਸੁੱਟਣ ਗਈ ਸੀ। ਇਸ ਦੌਰਾਨ ਉੱਥੇ ਆਸਿਫ ਨਾਂ ਦਾ ਨੌਜਵਾਨ ਪਿਸ਼ਾਬ ਕਰ ਰਿਹਾ ਸੀ।

ਇਸ ਤੋਂ ਬਾਅਦ ਰਾਮ ਜਿਆਵਨ ਨੇ ਉੱਥੇ ਜਾ ਕੇ ਨੌਜਵਾਨ ਨੂੰ ਪਿਸ਼ਾਬ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਸਾਹਮਣੇ ਘਰ ਹੈ। ਇਸ ਗੱਲ ਨੂੰ ਲੈ ਕੇ ਬਹਿਸ ਹੋਈ। ਆਸਿਫ਼ ਨੇ ਆਪਣੇ ਭਰਾ ਆਮਿਰ ਨੂੰ ਬੁਲਾ ਲਿਆ। ਇਸ ਦੌਰਾਨ ਦੋਵਾਂ ਭਰਾਵਾਂ ਨੇ ਰਾਮ ਜਿਆਵਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਦੌਰਾਨ ਉਸ ਦੇ ਤਿੰਨ ਸਾਥੀ ਉਥੇ ਆ ਗਏ। ਇਸ ਤੋਂ ਬਾਅਦ ਸਾਰਿਆਂ ਨੇ ਇੱਟਾਂ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਭੱਜ ਗਏ।

ਲੋਕਾਂ ਨੇ ਰਾਮ ਜਿਆਵਨ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਉੱਚ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।