ਲੁਧਿਆਣਾ : ਗਰਮ ਚਾਕੂ ਨਾਲ ਕਈ ਵਾਰ ਦਾਗਿਆ ਬੱਚੀ ਦਾ ਚਿਹਰਾ, ਦੋ ਸਾਲ ਤੋਂ ਮਹਿਲਾ ਨੇ ਬਣਾਇਆ ਸੀ ਬੰਧਕ, ਡਸਟਬਿਨ ‘ਚੋਂ ਖਾਂਦੀ ਸੀ ਖਾਣਾ

0
498

ਲੁਧਿਆਣਾ, 28 ਦਸੰਬਰ| ਲੁਧਿਆਣਾ ‘ਚ 14 ਸਾਲਾ ਲੜਕੀ ਨੂੰ ਉਸ ਦੀ ਮਕਾਨ ਮਾਲਕਣ ਨੇ ਕਰੀਬ 2 ਸਾਲਾਂ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਲੜਕੀ ਦਾ ਚਿਹਰਾ ਗਰਮ ਚਾਕੂ ਨਾਲ ਸਾੜਿਆ ਜਾਂਦਾ ਸੀ। ਭੁੱਖ ਲੱਗਣ ‘ਤੇ ਬੱਚੀ ਡਸਟਬਿਨ ‘ਚੋਂ ਖਾਣਾ ਖਾਂਦੀ ਸੀ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ। ਜਿਸ ਘਰ ਵਿੱਚ ਲੜਕੀ ਨੂੰ ਕੈਦ ਕੀਤਾ ਗਿਆ ਸੀ, ਉਸ ਦੀੀ ਮਾਲਕਣ ਪਾਵਰਕੌਮ ਤੋਂ ਸੇਵਾਮੁਕਤ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਗੁਰਦੇਵ ਨਗਰ ਸਥਿਤ ਘਰੋਂ ਛੁਡਵਾਇਆ।

ਕਾਊਂਸਲਿੰਗ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਨੂੰ ਪੂਰੇ ਦਿਨ ‘ਚ ਸਿਰਫ 2 ਰੋਟੀਆਂ ਹੀ ਖਾਣ ਲਈ ਮਿਲਦੀਆਂ ਸਨ। ਜਦੋਂ ਉਸ ਨੂੰ ਬਹੁਤ ਭੁੱਖ ਲੱਗਦੀ ਤਾਂ ਉਹ ਡਸਟਬਿਨ ਵਿੱਚੋਂ ਖਾਣਾ ਚੁੱਕ ਕੇ ਖਾ ਲੈਂਦੀ। ਜੇ ਉਹ ਕਦੇ ਭੁੱਖ ਲੱਗਣ ‘ਤੇ ਦੁੱਧ ਪੀਂਦੀ ਤਾਂ ਉਸ ਦੇ ਚਿਹਰੇ ਨੂੰ ਗਰਮ ਚਾਕੂ ਨਾਲ ਦਾਗਿਆ ਜਾਂਦਾ।

ਪਾਵਰਕਾਮ ਤੋਂ ਰਿਟਾਇਰਡ ਮਹਿਲਾ ਵਲੋਂ ਚਲਾਇਆ ਜਾਂਦਾ ਹੈ PG

ਜਾਣਕਾਰੀ ਅਨੁਸਾਰ ਪਾਵਰਕਾਮ ਦੀ ਸੇਵਾਮੁਕਤ ਸੁਪਰਡੈਂਟ ਹਰਮੀਤ ਕੌਰ ਆਪਣੇ ਘਰ ਵਿਚ ਪੀਜੀ ਚਲਾਉਂਦੀ ਹੈ।  ਬਲਬੀਰ ਕੌਰ ਨਾਂ ਦੀ ਮਹਿਲਾ 4 ਮਹੀਨੇ ਪਹਿਲਾਂ ਤੱਕ ਇਸੇ ਪੀਜੀ ਵਿੱਚ ਰਹਿੰਦੀ ਸੀ। ਐਨ.ਜੀ.ਓ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਉਕਤ ਲੜਕੀ ‘ਤੇ ਹੋਏ ਹਮਲੇ ਦੀ ਸੂਚਨਾ ਉਸੇ ਨੇ ਹੀ ਦਿੱਤੀ। ਬਲਬੀਰ ਕੌਰ ਅਨੁਸਾਰ ਜਦੋਂ ਉਹ ਕਈ ਵਾਰ ਪੀਜੀ ਮਾਲਕ ਨੂੰ ਬੱਚੀ ਦੀ ਕੁੱਟਮਾਰ ਨਾ ਕਰਨ ਲਈ ਆਖਦੀ ਤਾਂ ਔਰਤ ਉਸ ਨੂੰ ਘਰੇਲੂ ਮਸਲਾ ਦੱਸ ਕੇ ਚੁੱਪ ਕਰਵਾ ਦਿੰਦੀ।

ਦੋ ਸਾਲ ਘਰ ਵਿੱਚ ਕੈਦ ਰੱਖੀ

ਐਨਜੀਓ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੂੜੇ ਤੋਂ ਖਾਣਾ ਖਾਣ ਦੀ ਵੀਡੀਓ ਉਨ੍ਹਾਂ ਕੋਲ ਜੂਨ ਮਹੀਨੇ ਵਿਚ ਵੀ ਇੱਕ ਵਾਰ ਆਈ ਸੀ। ਉਸ ਸਮੇਂ ਲੋਕੇਸ਼ਨ ਸਪੱਸ਼ਟ ਨਹੀਂ ਸੀ। ਇਸ ਵਾਰ ਗੁਰਦੇਵ ਨਗਰ ਵਿੱਚ ਪੀਜੀ ਵਿੱਚ ਰਹਿੰਦੀ ਬਲਬੀਰ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਇੱਕ ਲੜਕੀ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ।

ਮਾਂ ਦੀ ਮੌਤ ਤੋਂ ਬਾਅਦ ਪਿਤਾ ਛੱਡ ਗਏ

ਲੜਕੀ ਪਿਛਲੇ 2 ਸਾਲਾਂ ਤੋਂ ਕੁੱਟਮਾਰ ਦਾ ਸ਼ਿਕਾਰ ਹੈ। ਉਸ ਦੀ ਮਾਂ ਪੂਜਾ ਦੀ ਮੌਤ ਹੋ ਗਈ ਹੈ। ਉਸਦੇ ਪਿਤਾ ਉਸਨੂੰ ਦੋ ਸਾਲ ਪਹਿਲਾਂ ਗੁਰਦੇਵ ਨਗਰ ਦੇ ਪੀਜੀ ਵਿਚ ਛੱਡ ਗਏ ਸਨ। ਪਿਤਾ ਨੇ ਆਪ ਦੂਜਾ ਵਿਆਹ ਕਰਵਾ ਲਿਆ ਸੀ। ਬਲਬੀਰ ਕੌਰ ਨੇ ਨਾਬਾਲਗ ‘ਤੇ ਹੋਏ ਅੱਤਿਆਚਾਰ ਦੀ ਵੀਡੀਓ ਸਾਂਝੀ ਕੀਤੀ ਸੀ।

ਇਸ ਤੋਂ ਬਾਅਦ ਐੱਨਜੀਓ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਲੜਕੀ ਨੂੰ ਉਸ ਘਰ ‘ਚੋਂ ਛੁਡਵਾਇਆ। ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਠੰਡ ਵਿੱਚ ਉਸ ਨੂੰ ਗਰਮ ਕੱਪੜੇ ਵੀ ਨਹੀਂ ਦਿੱਤੇ ਗਏ। ਫਿਲਹਾਲ ਬੱਚੀ ਨੂੰ ਚਿਲਡਰਨ ਹੋਮ ‘ਚ ਰੱਖਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ।

ਕੁੜੀ ਨੇ ਕਿਹਾ- ਉਹ ਮੈਨੂੰ ਰਾਤ ਨੂੰ ਕੰਧਾਂ ‘ਤੇ ਪਟਕਦੇ ਸਨ

ਲੜਕੀ ਨੇ ਦੱਸਿਆ ਕਿ ਉਸ ਨੂੰ ਕੱਪੜੇ, ਭਾਂਡੇ ਧੋਣ ਅਤੇ ਘਰ ਦੀ ਸਫਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਸਾਰਾ ਦਿਨ ਰਸੋਈ ਵਿੱਚ ਭਾਂਡੇ ਸਾਫ਼ ਕਰਦੀ ਸੀ। ਆਂਟੀ ਦੁਆਰਾ ਇੱਕ ਸਮੇਂ ਵਿੱਚ ਦਿੱਤੇ ਗਏ ਭੋਜਨ ਵਿੱਚ ਸਿਰਫ਼ ਦੋ ਰੋਟੀਆਂ ਹੀ ਹੁੰਦੀਆਂ ਸਨ। ਹਰਮੀਤ ਕੌਰ ਰਾਤ ਨੂੰ 2 ਵਜੇ ਵੀ ਉਸ ਨੂੰ ਜਗਾਉਂਦੀ ਸੀ ਅਤੇ ਕੁੱਟਮਾਰ ਕਰਦੀ ਸੀ। ਹਰਮੀਤ ਕੌਰ ਦੀ ਬੇਟੀ ਅਤੇ ਪੁੱਤਰ ਵੀ ਉਸ ਦੀ ਕੁੱਟਮਾਰ ਕਰਦੇ ਸਨ। ਉਸ ਨੂੰ ਚੁੱਕ ਕੇ ਕੰਧਾਂ ਉਤੇ ਮਾਰਦੇ ਸਨ।

ਐਫਆਈਆਰ ਦਰਜ ਕਰ ਲਈ ਗਈ ਹੈ : ਐਸਐਚਓ ਨੀਰਜ

ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਔਰਤ ਹਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬਾਲ ਭਲਾਈ ਦੇ ਸਹਿਯੋਗ ਨਾਲ ਇਲਾਕੇ ਦੀਆਂ ਹੋਰ ਕੋਠੀਆਂ ਵਿੱਚ ਵੀ ਚੈਕਿੰਗ ਕੀਤੀ ਜਾਵੇਗੀ ਜੇਕਰ ਕਿਸੇ ਨੇ ਨਾਬਾਲਗ ਲੜਕੀ ਨੂੰ ਘਰ ਵਿੱਚ ਨੌਕਰੀ ‘ਤੇ ਰੱਖਿਆ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।