ਲੁਧਿਆਣਾ | ਐਤਵਾਰ ਨੂੰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਗੈਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੇਰ ਰਾਤ ਤੱਕ ਇਲਾਕੇ ਵਿੱਚ ਕੰਮ ਜਾਰੀ ਰਿਹਾ। ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜ਼ਹਿਰੀਲੀ ਗੈਸ ਕਰਿਆਨਾ ਸਟੋਰ ਦੇ ਸਾਹਮਣੇ ਗਟਰ ਵਿੱਚੋਂ ਨਿਕਲੀ।
ਦੁਕਾਨ ਮਾਲਕ ਸੌਰਵ ਗੋਇਲ ਨੇ ਸੀਵਰੇਜ ਜਾਮ ਹੋਣ ਤੋਂ ਬਾਅਦ ਇਸ ਨੂੰ ਖੋਲ੍ਹਿਆ ਸੀ। ਜ਼ਹਿਰੀਲੀ ਗੈਸ ਨਿਕਲਣ ਕਾਰਨ ਸੌਰਵ, ਉਸ ਦੀ ਪਤਨੀ ਅਤੇ ਮਾਂ ਦੀ ਮੌਤ ਹੋ ਗਈ, ਜਦਕਿ ਵੱਡਾ ਭਰਾ ਹਸਪਤਾਲ ‘ਚ ਦਾਖਲ ਹੈ। NDRF ਅਧਿਕਾਰੀਆਂ ਮੁਤਾਬਕ ਜਾਂਚ ‘ਚ ਪਾਇਆ ਗਿਆ ਹੈ ਕਿ ਇਹ ਗੈਸ H2S (ਹਾਈਡ੍ਰੋਜਨ ਸਲਫਾਈਡ) ਹੈ। ਲੋਕ ਇਸ ਗੈਸ ਦੀ ਲਪੇਟ ਵਿੱਚ ਆ ਗਏ। ਗੈਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੀਵਰੇਜ ਵਿੱਚ ਕਾਸਟਿਕ ਸੋਡਾ ਮਿਲਾਇਆ ਗਿਆ।
ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਆਰਤੀ ਕਲੀਨਿਕ ਚਲਾ ਰਹੇ ਕਵੀਲਾਸ਼ ਦਾ ਪੂਰਾ ਪਰਿਵਾਰ ਵੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪੂਰੇ ਪਰਿਵਾਰ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਸਾਰੀਆਂ ਲਾਸ਼ਾਂ ਨੂੰ ਬਿਹਾਰ ਦੇ ਗਯਾ ਲਿਜਾਇਆ ਗਿਆ ਹੈ