ਲੁਧਿਆਣਾ : ਸਹੁਰੇ, ਦਿਓਰ, ਭਾਣਜੇ ਨੇ ਵਿਆਹੁਤਾ ਨਾਲ ਕੀਤਾ ਗੈਂਗਰੇਪ, 3 ਮਹੀਨਿਆਂ ਤਕ ਢਾਹਿਆ ਤਸ਼ੱਦਦ

0
581

ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 3 ਮਹੀਨੇ ਪਹਿਲਾਂ ਵਿਆਹੀ ਲੜਕੀ ਨੂੰ ਸਭ ਸਹਿਣਾ ਪਿਆ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ। ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਮੈਂਬਰ ਬੰਧਕ ਬਣਾ ਕੇ ਉਸ ਦੀ ਇੱਜ਼ਤ ਲੁੱਟਦੇ ਸਨ। ਇੰਨਾ ਹੀ ਨਹੀਂ ਮੁਲਜ਼ਮ ਲੜਕੀ ਨੂੰ ਨਸ਼ੀਲੀਆਂ ਗੋਲੀਆਂ ਵੀ ਦਿੰਦੇ ਸਨ।

ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਿਆਹੁਤਾ ਦੇ ਬਿਆਨਾਂ ‘ਤੇ ਹਨੂੰਮਾਨਗੜ੍ਹ ਰਾਜਸਥਾਨ ਦੇ ਵਾਸੀ ਰਾਮ ਸਿੰਘ, ਦਿਓਰ ਰਕੇਸ਼ ਸਿੰਘ, ਵਿਚੋਲੇ ਓਮਕਾਰ ਅਤੇ ਨਨਾਣ ਦੇ ਬੇਟੇ ਖਿਲਾਫ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਇਲਾਕੇ ਵਿਚ ਹੋਇਆ ਸੀ।

ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸਦੇ ਪਤੀ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਏ। ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਬੰਧਕ ਬਣਾ ਕੇ ਕੁੱਟਦੇ ਅਤੇ ਨਸ਼ੀਲੀਆਂ ਗੋਲੀਆ ਵੀ ਦਿੰਦੇ ਸਨ। ਸਾਰੇ ਮੁਲਜ਼ਮ ਵਿਚੋਲੇ ਓਮਕਾਰ ਨਾਲ ਮਿਲ ਕੇ ਉਸ ਨਾਲ ਜਬਰ-ਜ਼ਨਾਹ ਕਰਦੇ। ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਖਾਤੇ ‘ਚੋਂ ਏਟੀਐਮ ਦੇ ਜ਼ਰੀਏ 80 ਹਜ਼ਾਰ ਰੁਪਏ ਦੀ ਨਕਦੀ ਵੀ ਕਢਵਾਈ। 4 ਦਿਨ ਪਹਿਲਾਂ ਲੜਕੀ ਦੀ ਮਾਂ ਜਦੋਂ ਉਸ ਨੂੰ ਮਿਲਣ ਲਈ ਗਈ ਤਾਂ ਵਿਆਹੁਤਾ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਔਰਤ ਮੁਲਜ਼ਮਾਂ ਦੇ ਚੰਗੁਲ ਵਿਚੋਂ ਆਪਣੀ ਧੀ ਨੂੰ ਛੁਡਵਾ ਕੇ ਲੁਧਿਆਣਾ ਆ ਗਈ ਅਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਉਧਰ ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੇ ਸਬ-ਇੰਸਪੈਕਟਰ ਹਰਜਿੰਦਰ ਕੌਰ ਦਾ ਕਹਿਣਾ ਹੈ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖਿਲਾਫ਼ ਜ਼ੀਰੋ ਐਫਆਈਆਰ ਦਰਜ ਕਰਕੇ ਮਾਮਲਾ ਰਾਜਸਥਾਨ ਪੁਲਿਸ ਨੂੰ ਭੇਜ ਦਿੱਤਾ ਹੈ। ਸਾਰੇ ਕੇਸ ਦੀ ਅਗਲੀ ਪੜਤਾਲ ਹੁਣ ਰਾਜਸਥਾਨ ਪੁਲਿਸ ਹੀ ਕਰੇਗੀ।

ਵਿਆਹੁਤਾ ਨੇ ਦੱਸਿਆ ਕਿ ਉਸ ਦੇ ਨਾਲ ਉਸ ਦੇ ਸਹੁਰੇ, ਦਿਓਰ, ਭਾਣਜੇ ਅਤੇ ਵਿਚੋਲੇ ਨੇ ਸਮੂਹਿਕ ਬਲਾਤਕਾਰ ਕੀਤਾ। ਲੜਕੀ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ਦੀ ਕੁੱਟਮਾਰ ਕਰਦੇ ਸਨ। ਉਸ ਨੇ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਪਰ ਪਤੀ ਵੀ ਮੁਲਜ਼ਮਾਂ ਨਾਲ ਮਿਲ ਗਿਆ।

ਲੜਕੀ ਨੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਦੇ ਭਾਦਰਾ ਹਨੂੰਮਾਨਗੜ੍ਹ ਥਾਣੇ ਦੇ ਰਹਿਣ ਵਾਲੇ ਹਨ। ਉਸ ਦਾ ਦਿਓਰ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਪਹਿਲਾਂ ਦਿਓਰ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਸ ਦੌਰਾਨ ਉਸ ਦੇ ਭਾਣਜੇ ਨੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਸਹੁਰੇ ਨੇ ਵੀ ਉਸ ‘ਤੇ ਬੁਰੀ ਨਜ਼ਰ ਰੱਖੀ ਅਤੇ ਰਿਸ਼ਤਾ ਜੋੜਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਦੀ ਪਛਾਣ ਸਹੁਰਾ ਰਾਮ ਸਿੰਘ, ਦਿਓਰ ਰਾਕੇਸ਼ ਸਿੰਘ, ਭਾਣਜੇ ਕਮਲ ਅਤੇ ਵਿਚੋਲੇ ਓਮ ਪ੍ਰਕਾਸ਼ ਵਜੋਂ ਹੋਈ ਹੈ।

ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਦਾ ਕੰਮ ਕਰਦਾ ਹੈ। ਉਹ ਕਾਰ ਲੈ ਕੇ ਚਲਾ ਜਾਂਦਾ ਹੈ। ਦੋਸ਼ੀ ਮਹੀਨੇ ‘ਚ ਇਕ ਵਾਰ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰਵਾਉਂਦੇ ਸਨ। ਉਹ ਫੋਨ ’ਤੇ ਰਿਕਾਰਡਿੰਗ ਲਗਾ ਕੇ ਧਮਕੀ ਦੇ ਕੇ ਮਾਂ ਨਾਲ ਗੱਲ ਕਰਵਾਉਂਦੇ ਸਨ। ਲੜਕੀ ਅਨੁਸਾਰ ਗੱਲਬਾਤ ਤੋਂ ਬਾਅਦ ਦੋਸ਼ੀ ਉਸ ਰਿਕਾਰਡਿੰਗ ਨੂੰ ਸੁਣਦੇ ਸਨ। ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜ਼ਬਰਦਸਤੀ ਸਮੂਹਿਕ ਬਲਾਤਕਾਰ ਕੀਤਾ।

ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪੈਰਾਂ ਵਿਚ ਜ਼ੰਜੀਰਾਂ ਬੰਨ੍ਹਦੇ ਸਨ ਤਾਂ ਜੋ ਉਹ ਭੱਜ ਨਾ ਜਾਵੇ। ਉਸ ਨੂੰ ਦਰਦ ਦੀਆਂ ਗੋਲੀਆਂ ਦੱਸ ਕੇ ਨਸ਼ੀਲੀਆਂ ਗੋਲੀਆਂ ਖੁਆਈਆਂ ਗਈਆਂ। ਲੜਕੀ ਮੁਤਾਬਕ ਗੋਲੀਆਂ ਖਾਣ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਰਹਿੰਦਾ ਸੀ। ਸਾਰਾ ਦਿਨ ਉਹ ਨਸ਼ੇ ਦੀ ਹਾਲਤ ਵਿਚ ਰਹਿੰਦੀ ਸੀ।

ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਨਾਲ ਕੁਝ ਠੀਕ ਨਹੀਂ ਹੈ। ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਮਾਮਲਾ ਖੁੱਲ੍ਹ ਕੇ ਉਸ ਦੇ ਸਾਹਮਣੇ ਆਇਆ। ਇਸ ਤੋਂ ਬਾਅਦ ਧੀ ਨੂੰ ਲੁਧਿਆਣਾ ਲਿਆਂਦਾ ਗਿਆ ਅਤੇ ਸਾਹਨੇਵਾਲ ਥਾਣੇ ਵਿਚ ਜ਼ੀਰੋ ਐਫਆਈਆਰ ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।