ਲੁਧਿਆਣਾ : ਜਨਮ ਦਿਨ ਦੀ ਪਾਰਟੀ ਦੌਰਾਨ 2 ਗੁੱਟਾਂ ‘ਚ ਹੋਇਆ ਝਗੜਾ, ਰੰਜਿਸ਼ਨ ਘਰ ‘ਤੇ ਵਰ੍ਹਾਏ ਇੱਟਾਂ-ਰੋੜੇ, ਭੰਨਿਆ ਗੇਟ

0
824

ਲੁਧਿਆਣਾ, 9 ਅਕਤੂਬਰ | ਸਥਾਨਕ ਹੈਬੋਵਾਲ ਕਲਾਂ ਹੰਬੜਾਂ ਰੋਡ ਇਲਾਕੇ ‘ਚ ਰੈਸਟੋਰੈਂਟ ਅੰਦਰ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨਾਂ ਦੇ 2 ਧੜਿਆਂ ‘ਚ ਝਗੜਾ ਹੋ ਗਿਆ। ਉਕਤ ਮਾਮਲੇ ‘ਚ ਥਾਣਾ ਹੈਬੋਵਾਲ ਪੁਲਿਸ ਨੇ ਜੱਸੀਆਂ ਰੋਡ ਦੇ ਰਹਿਣ ਵਾਲ਼ੇ ਸ਼ਿਵਾ ਸ਼ਰਮਾ ਦੇ ਬਿਆਨਾਂ ਉੱਪਰ ਮੁਲਜ਼ਮ ਰਿਤਿਕ,ਬਾਵਾ, ਵਿੱਕੀ, ਹਿਮਾਂਸ਼ੂ, ਹਾਰਦਿਕ ਅਤੇ ਉਨ੍ਹਾਂ ਦੇ ਦਰਜਨ ਭਰ ਅਣਪਛਾਤੇ ਸਾਥੀਆਂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ।

ਸ਼ਿਵਾ ਮੁਤਾਬਕ ਵਾਰਦਾਤ ਵਾਲੀ ਰਾਤ ਕਰੀਬ ਸਾਢੇ 9 ਵਜੇ ਉਹ ਆਪਣੇ ਦੋਸਤ ਜੱਸੀ ਦੇ ਜਨਮ ਦਿਨ ‘ਤੇ ਡੇਅਰੀ ਕੰਪਲੈਕਸ ਦੇ ਕੋਲ ਸਥਿਤ ਚਿਲ ਬਰੂ ਰੈਸਟੋਰੈਂਟ ‘ਚ ਰੱਖੀ ਪਾਰਟੀ ਵਿਚ ਹਿੱਸਾ ਲੈਣ ਗਿਆ ਸੀ। ਪਾਰਟੀ ‘ਚ ਜੱਸੀ ਦੇ ਦੋਸਤ ਕ੍ਰਿਸ਼ਨਾ ਖੁਰਾਨਾ, ਬਾਵਾ, ਹਾਰਦਿਕ ਅਤੇ ਹੋਰ 2 ਅਣਪਛਾਤੇ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਬਹਿਸਬਾਜ਼ੀ ਕਰ ਰਹੇ ਸਨ।

ਸ਼ਿਵ ਸ਼ਰਮਾ ਰੌਲਾ ਸੁਣ ਕੇ ਤੀਜੀ ਮੰਜ਼ਿਲ ਤੋਂ ਹੇਠਾਂ ਆਇਆ ਤੇ ਦੋਵਾਂ ਧਿਰਾਂ ਦੌਰਾਨ ਚੱਲ ਰਿਹਾ ਝਗੜਾ ਖਤਮ ਕਰਵਾ ਦਿੱਤਾ। ਇਸ ਗੱਲ ਤੋਂ ਰੰਜਿਸ਼ ਰੱਖ ਕੇ ਰਿਤਿਕ, ਬਾਵਾ, ਵਿੱਕੀ, ਹਿਮਾਂਸ਼ੂ ਅਤੇ ਹਾਰਦਿਕ ਆਪਣੇ ਸਾਥੀਆਂ ਨਾਲ ਉਸ ਦੇ ਘਰ ਬਾਹਰ ਆਏ ਅਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।

ਮੁਲਜ਼ਮਾਂ ਨੇ ਉਸ ਦੇ ਘਰ ਦੇ ਮੇਨ ਗੇਟ ਦੀ ਭੰਨਤੋੜ ਵੀ ਕੀਤੀ। ਵਾਰਦਾਤ ਸਬੰਧੀ ਉਸ ਦੀ ਮਾਤਾ ਨੇ ਫੋਨ ਕਰਕੇ ਦੱਸਿਆ ਤਾਂ ਉਹ ਆਪਣੇ ਘਰ ਵੱਲ ਚੱਲ ਪਿਆ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਘਰ ਆਉਂਦਿਆਂ ਸੰਧੂ ਨਗਰ ਕੋਲ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ। ਜਦੋਂ ਉਸ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਨਿਕਲੇ।