ਲੁਧਿਆਣਾ : ਟਰਾਲੀ ਨੂੰ ਧੱਕਾ ਲਗਾਉਣ ਬਹਾਨੇ 2 ਨੌਜਵਾਨਾਂ ਤੋਂ ਖੋਹੀ ਨਕਦੀ ਤੇ ਮੋਬਾਇਲ

0
884

ਲੁਧਿਆਣਾ, 4 ਅਕਤੂਬਰ | ਥਾਣਾ ਟਿੱਬਾ ਦੀ ਪੁਲਿਸ ਨੇ ਦੋਸਤਾਂ ਨੂੰ ਮਦਦ ਦੇ ਬਹਾਨੇ ਬੁਲਾ ਕੇ ਲੁੱਟਣ ਵਾਲੇ 5 ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਮੋਨੂੰ ਗਰੋਵਰ, ਕਾਕਾ ਸੈਮ, ਬੰਟੀ, ਕਾਲੂ ਅਤੇ ਪ੍ਰਵੇਸ਼ ਸ਼ਾਮਲ ਹਨ। ਪੁਲਿਸ ਨੇ ਮੋਨੂੰ ਗਰੋਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕਰਕੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਸ਼ਿਕਾਇਤ ’ਚ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਵਸੀਮ ਨਾਲ ਟਿੱਬਾ ਰੋਡ ’ਤੇ ਸਥਿਤ ਗੁਲਾਬੀ ਬਾਗ ਕਾਲੋਨੀ ਜਾ ਰਿਹਾ ਸੀ।

ਜਦੋਂ ਉਹ ਗਰੇਵਾਲ ਆਟਾ ਚੱਕੀ ਨੇੜੇ ਪਹੁੰਚਿਆ ਤਾਂ ਉਕਤ ਵਿਅਕਤੀ ਉਥੇ ਪਹਿਲਾਂ ਹੀ ਖੜ੍ਹੇ ਸਨ। ਇਕ ਮੁਲਜ਼ਮ ਨੇ ਦੱਸਿਆ ਕਿ ਉਸ ਦੀ ਰੇਤ ਦੀ ਟਰਾਲੀ ਫਸ ਗਈ ਹੈ। ਉਸ ਨੂੰ ਧੱਕਾ ਮਾਰਨ ਲਈ ਮਦਦ ਚਾਹੀਦੀ ਹੈ। ਇਸ ’ਤੇ ਦੋਵੇਂ ਮਦਦ ਕਰਨ ਗਏ। ਕੁਝ ਦੂਰੀ ’ਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਫੋਨ ਅਤੇ 2500 ਰੁਪਏ ਦੀ ਨਕਦੀ ਖੋਹ ਲਈ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਜਾਂਚ ਦੌਰਾਨ 1 ਨੂੰ ਕਾਬੂ ਕਰ ਲਿਆ ਹੈ।