ਲੁਧਿਆਣਾ ਦੇ ਬਲੱਡ ਬੈਂਕ ਤੋਂ 37 ਖੂਨ ਦੀਆਂ ਥੈਲੀਆਂ ਜਬਤ, ਕੰਮ-ਕਾਜ ਤੇ ਲਗਾਈ ਗਈ ਰੋਕ

    0
    499

    ਲੁਧਿਆਣਾ. ਇਕ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਜਰੂਰੀ ਸ਼ਰਤਾਂ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਬਲੱਡ ਬੈਂਕ ਦੇ ਕੰਮਕਾਜ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਲੁਧਿਆਣਾ ਕੁਲਵਿੰਦਰ ਸਿੰਘ ਅਤੇ ਡਰੱਗਜ਼ ਕੰਟਰੋਲਰ ਅਫਸਰ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਟੀਮ ਨੇਖੂਨ ਇਕੱਠਾ ਕਰਨ ਵਾਲੀਆਂ 37 ਥੈਲੀਆਂ ਜਬਤ ਕੀਤੀਆਂ ਹਨ। ਇਹਨਾਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਅਤੇ ਸਟਾਕ ਰਜਿਸਟਰ ਵਿਚ ਇਨ੍ਹਾਂ ਥੈਲੀਆਂ ਦੀ ਵੀ ਕੋਈ ਐਂਟਰੀ ਨਹੀਂ ਮਿਲੀ।

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੋਲਾਈਫ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ, ਜਿੱਥੇ ਇਹ ਸਹੂਲਤ ਦਿੱਤੀ ਜਾ ਰਹੀ ਸੀ। ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ, ਇੰਚਾਰਜ ਬੀਟੀਓ ਵੱਲੋਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦਾ ਖਰੀਦ ਰਿਕਾਰਡ ਦਿਖਾਉਣ ਵਿੱਚ ਅਸਫਲ ਰਿਹਾ। ਸਟਾਕ ਰਜਿਸਟਰ ਵਿਚ ਇਨ੍ਹਾਂ ਥੈਲੀਆਂ ਦੀ ਕੋਈ ਐਂਟਰੀ ਦਰਜ ਨਹੀਂ ਕੀਤੀ ਗਈ ਸੀ। ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਨੂੰ ਇਹ ਮੁਹਿੰਮ ਹੋਰ ਤੇਜ਼ ਕਰਨ ਲਈ ਕਿਹਾ ਤਾਂ ਜੋ ਮੈਡੀਕਲ ਪ੍ਰੋਟੋਕੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।