ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਵਸ ਵਿਚ ਅੰਨ੍ਹੇ ਹੋਏ ਨੌਜਵਾਨ ਨੇ 8 ਸਾਲ ਦੀ ਮਾਸੂਮ ਨੂੰ ਟੋਫੀਆਂ ਦਿਵਾਉਣ ਦਾ ਲਾਲਚ ਦੇ ਕੇ ਅਗਵਾ ਕਰ ਲਿਆ ਅਤੇ ਵਿਰਾਨ ਜਗ੍ਹਾ ‘ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਕੋਲੋਂ ਲੰਘ ਰਹੇ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮੁਲਜ਼ਮ ਦੀਆਂ ਹਰਕਤਾਂ ‘ਤੇ ਨਜ਼ਰ ਰੱਖੀ ਅਤੇ ਮੌਕੇ ‘ਤੇ ਪਹੁੰਚ ਕੇ ਉਸਨੂੰ ਹੈਵਾਨੀਅਤ ਭਰਿਆ ਕਾਰਾ ਕਰਨ ਤੋਂ ਰੋਕ ਦਿੱਤਾ।
ਛਿੱਤਰ-ਪਰੇਡ ਕਰਨ ਤੋਂ ਬਾਅਦ ਮੁਲਜ਼ਮ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਇਲਾਕੇ ਵਿਚ ਬਰਗਰ ਦੀ ਰੇਹੜੀ ਲਗਾਉਂਦਾ ਹੈ। ਰਾਤ 8 ਵਜੇ ਦੇ ਕਰੀਬ ਉਸ ਨੂੰ ਗੁਆਂਢੀ ਜਗਦੇਵ ਸਿੰਘ ਦਾ ਫੋਨ ਆਇਆ ਕਿ ਡਾਕਖਾਨੇ ਵਾਲੀ ਗਲੀ ਸ਼ਿਮਲਾਪੁਰੀ ਦਾ ਵਾਸੀ ਧਰਮਿੰਦਰ ਕੁਮਾਰ (21) ਉਸਦੀ ਮਾਸੂਮ ਬੇਟੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਗਦੇਵ ਨੇ ਦੱਸਿਆ ਕਿ ਉਸਨੇ ਬੱਚੀ ਨੂੰ ਮੁਲਜ਼ਮ ਦੇ ਚੰਗੁਲ ਤੋਂ ਬਚਾਅ ਲਿਆ ਹੈ।
ਜਗਦੇਵ ਸਿੰਘ ਲੜਕੀ ਅਤੇ ਮੁਲਜ਼ਮ ਧਰਮਿੰਦਰ ਸਿੰਘ ਨੂੰ ਘਰ ਲੈ ਆਇਆ । ਘਰ ਪਹੁੰਚਣ ‘ਤੇ ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਧਰਮਿੰਦਰ ਉਸ ਨੂੰ ਟੋਫੀਆਂ ਦਿਵਾਉਣ ਦੀ ਗੱਲ ਕਹਿ ਕੇ ਵਿਰਾਨ ਥਾਂ ‘ਤੇ ਲੈ ਗਿਆ ਸੀ। ਬੱਚੀ ਦੇ ਪਿਤਾ ਅਤੇ ਗੁਆਂਢੀ ਜਗਦੇਵ ਸਿੰਘ ਨੇ ਮੁਲਜ਼ਮ ਧਰਮਿੰਦਰ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਇਸ ਮਾਮਲੇ ਵਿੱਚ ਸਬ-ਇੰਸਪੈਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਧਰਮਿੰਦਰ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੂੰ ਮੰਗਲਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।