ਲੁਧਿਆਣਾ | ਇਥੋਂ ਦੇ ਨਿੱਜੀ ਬੈਂਕ ਮੁਲਾਜ਼ਮ ਵਲੋਂ ਜਾਨ ਦੇ ਦਿੱਤੀ ਗਈ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਉਸ ਨੇ ਇਕ ਲੈਟਰ ਲਿਖਿਆ, ਜਿਸ ਵਿਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਰਮਨਦੀਪ ਸਿੰਘ ਅਤੇ ਰੌਣਕ ਸਿੰਘ ਨਾਮ ਦੇ ਵਿਅਕਤੀ ਨੂੰ ਦੱਸਿਆ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੋਹਾਰਾ ਕਾਲੋਨੀ ਦੇ ਰਹਿਣ ਵਾਲੇ ਦੀਦਾਰ ਸਿੰਘ ਦੀ ਸ਼ਿਕਾਇਤ ‘ਤੇ ਰਮਨਦੀਪ ਸਿੰਘ ਅਤੇ ਰੌਣਕ ਸਿੰਘ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਨਸੀਬ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਕਮਰੇ ‘ਚੋਂ ਇਕ ਚਿੱਠੀ ਬਰਾਮਦ ਹੋਈ ਹੈ। ਨੋਟ ਵਿਚ ਉਸ ਨੇ ਜ਼ਿਕਰ ਕੀਤਾ ਕਿ ਦੋਵੇਂ ਮੁਲਜ਼ਮ ਉਸ ਵੱਲੋਂ ਉਧਾਰ ਦਿੱਤੇ ਗਏ ਪੈਸੇ ਵਾਪਸ ਨਹੀਂ ਕਰ ਰਹੇ ਸਨ। ਜਾਂਚ ਅਧਿਕਾਰੀ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਵਿਚ ਕੰਮ ਕਰਨ ਵਾਲਾ ਨਸੀਬ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਪੁਰਾਣੇ ਪੁਲਿਸ ਚੌਕੀ ਰੋਡ ‘ਤੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਲੋਹਾਰਾ ਕਾਲੋਨੀ ਦਾ ਰਹਿਣ ਵਾਲਾ ਦੀਦਾਰ ਸਿੰਘ ਦੁਪਹਿਰ ਢਾਈ ਵਜੇ ਦੇ ਕਰੀਬ ਜਦੋਂ ਆਪਣੇ ਬੇਟੇ ਨਸੀਬ ਸਿੰਘ ਨੂੰ ਮਿਲਣ ਲਈ ਉਸਦੇ ਘਰ ਗਿਆ ਤਾਂ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਹੀ ਉਸ ਦੇ ਹੋਸ਼ ਉੱਡ ਗਏ। ਨਸੀਬ ਸਿੰਘ ਨੇ ਜਾਨ ਦੇ ਦਿੱਤੀ ਸੀ।