ਲੁਧਿਆਣਾ : ਪੋਤਾ ਬੋਲਦਾਂ ਕਹਿ ਕੇ ਕੈਨੇਡਾ ਤੋਂ ਨੌਸਰਬਾਜ਼ ਨੇ ਕੀਤੀ ਕਾਲ, ਮਾਲਿਕ ਨਾਲ ਝਗੜਾ ਹੋਣ ਦੀ ਗੱਲ ਬੋਲ ਕੇ ਕਰਵਾਏ 7 ਲੱਖ ਟਰਾਂਸਫਰ

0
1070


ਲੁਧਿਆਣਾ |
ਨੌਸਰਬਾਜ਼ ਗਿਰੋਹ ਦੇ ਮੈਂਬਰ ਨੇ ਵ੍ਹਟਸਐਪ ‘ਤੇ ਖੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਰਨੇਕ ਸਿੰਘ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ ਤੇ ਆਖਿਆ ਕਿ ਉਸਦੇ ਪੋਤੇ ਪੁਨੀਤ ਦਾ ਕੈਨੇਡਾ ਵਿਚ ਝਗੜਾ ਹੋ ਗਿਆ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਨੌਸਰਬਾਜ਼ੀ ਦੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਤੁਰੰਤ ਹਰਕਤ ਵਿਚ ਆਈ।

ਪੈਸੇ ਟਰਾਂਸਫਰ ਕਰਨ ਤੋਂ ਬਾਅਦ ਹਰਨੇਕ ਸਿੰਘ ਨੇ ਕਰਾਸ ਚੈੱਕ ਕਰਨ ਲਈ ਆਪਣੇ ਪੋਤੇ ਪੁਨੀਤ ਨੂੰ ਫੋਨ ਲਗਾ ਲਿਆ। ਪੁਨੀਤ ਨੇ ਆਪਣੇ ਦਾਦੇ ਨੂੰ ਦੱਸਿਆ ਕਿ ਉਸਦਾ ਕੋਈ ਵੀ ਝਗੜਾ ਨਹੀਂ ਹੋਇਆ। ਇਸ ਮਾਮਲੇ ਵਿਚ ਹਰਨੇਕ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ।

ਪੁਲਿਸ ਨੇ ਹਰਨੇਕ ਸਿੰਘ ਦੀ ਸ਼ਿਕਾਇਤ ‘ਤੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਿਆ, ਨਵੀਂ ਆਬਾਦੀ ਹੁਸ਼ਿਆਰਪੁਰ ਦੇ ਵਾਸੀ ਨਿਤਿਨ ਕੁਮਾਰ ਅਤੇ ਗਿਆਸਪੁਰਾ ਲੁਧਿਆਣਾ ਦੇ ਵਾਸੀ ਰਾਜ ਨਰਾਇਣ ਖ਼ਿਲਾਫ਼ ਧੋਖਾਧੜੀ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਾ ਪੁਨੀਤ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਕੁਝ ਮਹੀਨੇ ਪਹਿਲਾਂ ਰਾਤ ਵੇਲੇ ਹਰਨੇਕ ਸਿੰਘ ਨੂੰ ਵ੍ਹਟਸਐਪ ‘ਤੇ ਇਕ ਫੋਨ ਕਾਲ ਆਈ। ਕਾਲਰ ਨੇ ਖੁਦ ਨੂੰ ਹਰਨੇਕ ਸਿੰਘ ਦਾ ਕੈਨੇਡਾ ਵਾਲਾ ਪੋਤਾ ਦੱਸਿਆ। ਨੌਸਰਬਾਜ਼ ਦੇ ਝਾਂਸੇ ਵਿਚ ਲੈ ਕੇ ਆਖਿਆ ਕਿ ਉਸਦਾ ਗੋਰੇ ਨਾਲ ਝਗੜਾ ਹੋ ਗਿਆ ਹੈ ਅਤੇ ਉਸ ਨੂੰ 2 ਲੱਖ ਰੁਪਏ ਚਾਹੀਦੇ ਹਨ।

ਹਰਨੇਕ ਸਿੰਘ ਨੇ ਦਿੱਤੇ ਖਾਤਾ ਨੰਬਰ ਵਿਚ ਤੁਰੰਤ ਰਕਮ ਟਰਾਂਸਫਰ ਕਰ ਦਿੱਤੀ। ਕੁਝ ਸਮੇਂ ਬਾਅਦ ਹਰਨੇਕ ਸਿੰਘ ਨੂੰ ਫਿਰ ਤੋਂ ਫੋਨ ਆਇਆ ਅਤੇ ਇਸ ਵਾਰ ਨੌਸਰਬਾਜ਼ ਨੇ ਆਖਿਆ ਕਿ ਝਗੜੇ ਦੌਰਾਨ ਫੱਟੜ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੁਣ 8 ਲੱਖ ਰੁਪਏ ਦਾ ਖਰਚਾ ਆਵੇਗਾ। ਹਰਨੇਕ ਨੇ ਤੁਰੰਤ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਬਾਕੀ ਪੈਸੇ ਜਲਦੀ ਹੀ ਭੇਜਣ ਲਈ ਆਖਿਆ।