ਲੁਧਿਆਣਾ : ਲੋਹੇ ਦੀ ਪਾਈਪ ਲੈ ਕੇ ਐਕਟਿਵਾ ‘ਤੇ ਜਾ ਰਿਹਾ ਸੀ ਮੁੰਡਾ, ਪਾਈਪ ਹਾਈਟੈਂਸ਼ਨ ਤਾਰਾਂ ਨਾਲ ਟਕਰਾਈ, ਮੌਕੇ ‘ਤੇ ਮੌਤ

0
7676

ਲੁਧਿਆਣਾ, 3 ਅਕਤੂਬਰ| ਲੁਧਿਆਣਾ ਦੇ ਚੰਡੀਗੜ੍ਹ ਰੋਡ ਨੇੜੇ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਮੁਰਾਰੀ ਹੈ। ਉਹ 33 ਫੁੱਟਾ ਰੋਡ ਦਾ ਰਹਿਣ ਵਾਲਾ ਹੈ। ਮੁਰਾਰੀ ਸੋਮਵਾਰ ਦੇਰ ਸ਼ਾਮ ਪਰਦੇ ਲਟਕਾਉਣ ਲਈ ਪਾਈਪ ਖਰੀਦਣ ਗਿਆ ਸੀ। ਐਕਟਿਵਾ ‘ਤੇ ਉਸ ਦੇ ਨਾਲ ਤਿੰਨ ਬੱਚੇ ਵੀ ਸਵਾਰ ਸਨ।

ਲੋਹੇ ਦੀ ਪਾਈਪ ਖਰੀਦ ਕੇ ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਹਾਈ ਟੈਂਸ਼ਨ ਦੀਆਂ ਤਾਰਾਂ ਘੱਟ ਉਚਾਈ ਉਤੇ ਹੋਣ ਕਾਰਨ ਪਾਈਪ ਤਾਰਾਂ ਨਾਲ ਟਕਰਾ ਗਈ। ਜ਼ੋਰਦਾਰ ਧਮਾਕੇ ਤੋਂ ਬਾਅਦ ਬਿਜਲੀ ਦਾ ਝਟਕਾ ਲੱਗਣ ਕਾਰਨ ਮੁਰਾਰੀ ਕਈ ਫੁੱਟ ਦੂਰ ਜਾ ਡਿੱਗਿਆ।

ਖੁਸ਼ਕਿਸਮਤੀ ਇਹ ਸੀ ਕਿ ਮੁਰਾਰੀ ਦੇ ਨਾਲ ਤਿੰਨ ਬੱਚੇ ਉਸ ਤੋਂ ਕੁਝ ਦੂਰੀ ‘ਤੇ ਸਨ। ਜੇਕਰ ਉਹ ਉਸ ਦੇ ਨਾਲ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਨੇ ਤੁਰੰਤ ਮੁਰਾਰੀ ਨੂੰ ਜ਼ਖਮੀ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।

ਇੱਕ ਫੈਕਟਰੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ
ਮੁਰਾਰੀ ਇੱਕ ਫੈਕਟਰੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਾਵਰਕੌਮ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋਈ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।