ਲੁਧਿਆਣਾ| ਘਰੋਂ ਸਕੂਲ ਗਈ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦੇ ਬਹਾਨੇ ਅਗਵਾ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਥਾਣਾ ਕੋਠੀਬਾਰ ਜ਼ਿਲਾ ਦੇ ਪਿੰਡ ਖਿਸਰਾੜੀ ਦੇ ਰਹਿਣ ਵਾਲੇ ਦੋਸ਼ੀ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਾਹਨੇਵਾਲ ਦੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਂ ਜਸਪਾਲ ਬਾਂਗਰ ਨਿਵਾਸੀ ਨੇ ਦੱਸਿਆ ਕਿ ਉਸ ਦੀ 15 ਸਾਲਾ ਬੇਟੀ ਘਰ ਦੇ ਨੇੜੇ ਸਥਿਤ ਸਕੂਲ ‘ਚ ਪੜ੍ਹਦੀ ਹੈ। 3 ਅਪ੍ਰੈਲ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਸਕੂਲ ਗਈ ਸੀ। ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ। ਲੜਕੀ ਦੀ ਕਾਫੀ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ।
ਕੁਝ ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਲੜਕੀ ਨੂੰ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਇਲਾਕੇ ਦੇ ਇਕ ਲੜਕੇ ਨੇ ਅਗਵਾ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲੜਕਾ ਉੱਤਰ ਪ੍ਰਦੇਸ਼ ਤੋਂ ਆਇਆ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਵਿਖੇ ਰਹਿ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।