ਲੁਧਿਆਣਾ | ਇਥੋਂ ਦੇ ਪਿੰਡ ਲਹਿਰ ਵਿਚ ਵਾਪਰੇ ਹਾਦਸੇ ਦੌਰਾਨ 34 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦਲੀਪ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਪਰਦੀਪ ਦੇ ਬਿਆਨ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਰਦੀਪ ਨੇ ਦੱਸਿਆ ਕਿ ਉਸ ਦਾ ਭਰਾ ਦਲੀਪ ਪਿੰਡ ਲਹਿਰਾ ਦੇ ਕੁਆਰਟਰਾਂ ਵਿਚ ਰਹਿੰਦਾ ਸੀ। ਸ਼ਾਮ ਵੇਲੇ ਉਹ ਰਾਸ਼ਨ ਲੈ ਕੇ ਪੈਦਲ ਹੀ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ ।
ਲੋਕਾਂ ਨੇ ਗੰਭੀਰ ਰੂਪ ਵਿਚ ਫੱਟੜ ਦਲੀਪ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ। ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ । ਜਿਥੇ ਇਲਾਜ ਦੌਰਾਨ ਦਲੀਪ ਨੇ ਦਮ ਤੋੜ ਦਿੱਤਾ । ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।