ਲੁਧਿਆਣਾ | ਇਥੋਂ ਦੇ ਜਨਕਪੁਰੀ ਇਲਾਕੇ ਦੀ 20 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ 5 ਮਾਰਚ ਨੂੰ ਭਰਾ-ਭਰਜਾਈ ਨੂੰ ਮਿਲਣ ਲਈ ਗਈ ਸੀ ਪਰ ਉਹ ਨਾ ਤਾਂ ਉਨ੍ਹਾਂ ਦੇ ਕੋਲ ਪਹੁੰਚੀ ਅਤੇ ਨਾ ਹੀ ਘਰ ਵਾਪਸ ਆਈ।
6 ਮਾਰਚ ਨੂੰ ਪਰਿਵਾਰਕ ਮੈਂਬਰਾਂ ਨੂੰ ਲੜਕੀ ਨੇ ਫੋਨ ਕੀਤਾ ਕਿ ਉਹ ਜੰਮੂ ਰੇਲਵੇ ਸਟੇਸ਼ਨ ‘ਤੇ ਬੈਠੀ ਹੈ। ਪਰਿਵਾਰਕ ਮੈਂਬਰ ਉਸ ਨੂੰ 7 ਮਾਰਚ ਨੂੰ ਲੁਧਿਆਣਾ ਲੈ ਆਏ। 2 ਦਿਨ ਬਾਅਦ ਚਾਰੇ ਮੁਲਜ਼ਮ ਲੜਕੀ ਨੂੰ ਗਲੀ ‘ਚੋਂ ਜ਼ਬਰਦਸਤੀ ਆਟੋ ਵਿਚ ਬਿਠਾ ਕੇ ਲੈ ਗਏ। ਲੜਕੀ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਰੁਮਾਲ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਅਗਵਾ ਕਰਕੇ ਅਣਪਛਾਤੀ ਥਾਂ ਲੈ ਗਏ।
ਹੋਸ਼ ਆਉਣ ‘ਤੇ ਉਸ ਨੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਰਕੇ ਉਸ ਦੇ ਕਾਫੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿਚ ਲੜਕੀ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।