ਹਿਮਾਚਲ ਦੇ ਇਸ ਮੰਦਿਰ ‘ਚ ਪ੍ਰੇਮੀ ਜੋੜਿਆਂ ਨੂੰ ਮਿਲਦਾ ਹੈ ਆਸਰਾ, ਪੁਲਸ ਵੀ ਨਹੀਂ ਕਰ ਸਕਦੀ ਦਖਲਅੰਦਾਜ਼ੀ

0
6015

ਕੁੱਲੂ। ਹਿਮਾਚਲ ਪ੍ਰਦੇਸ਼ ਵਿਚ ਕਈ ਅਜਿਹੇ ਧਾਰਮਿਕ ਸਥਾਨ ਹਨ, ਜਿਨ੍ਹਾਂ ਦੀ ਇਤਿਹਾਸਕ ਮਾਨਤਾ ਅੱਜ ਵੀ ਚੱਲੀ ਆ ਰਹੀ ਹੈ। ਰਾਜ ਦੇ ਲੋਕਾਂ ਦਾ ਦੇਵੀ-ਦੇਵਤਿਆਂ ਵਿਚ ਅਟੁੱਟ ਵਿਸ਼ਵਾਸ ਹੈ। ਇੱਥੇ ਹਜ਼ਾਰਾਂ ਦੇਵੀ-ਦੇਵਤਿਆਂ ਦੇ ਮੰਦਰ ਹਨ, ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਮਿਥਿਹਾਸਕ ਕਹਾਣੀ ਜੁੜੀ ਹੋਈ ਹੈ। ਅਜਿਹਾ ਹੀ ਇਕ ਪ੍ਰਾਚੀਨ ਮੰਦਰ ਕੁੱਲੂ ਜ਼ਿਲ੍ਹੇ ਵਿਚ ਵੀ ਹੈ।

ਜਿਸ ਨੂੰ ਸ਼ੰਗਚੁਲ ਮਹਾਦੇਵ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ੰਗਚੁਲ ਮਹਾਦੇਵ ਮੰਦਿਰ ਕੁੱਲੂ ਜ਼ਿਲੇ ਦੇ ਸ਼ੰਘਦ ਪਿੰਡ ਵਿਚ ਸਥਿਤ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮੰਦਰ ‘ਚ ਆਉਣ ਵਾਲੇ ਪ੍ਰੇਮੀਆਂ ਨੂੰ ਮਹਾਦੇਵ ਦੀ ਸ਼ਰਨ ਮਿਲਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜੋ ਵੀ ਪ੍ਰੇਮੀ ਜੋੜਾ ਭੱਜ ਕੇ ਆਉਂਦਾ ਹੈ, ਜਿਨ੍ਹਾਂ ਦੇ ਪਿਆਰ ਨੂੰ ਪਰਿਵਾਰ, ਸਮਾਜ ਸਵੀਕਾਰ ਨਹੀਂ ਕਰਦਾ, ਮਹਾਦੇਵ ਉਨ੍ਹਾਂ ਨੂੰ ਮੰਦਰ ਵਿਚ ਸ਼ਰਨ ਦਿੰਦੇ ਹਨ।

ਇੰਨਾ ਹੀ ਨਹੀਂ ਉਨ੍ਹਾਂ ਦੀ ਸੁਰੱਖਿਆ ਵੀ ਕਰਦੇ ਹਨ। ਇਸ ਮੰਦਰ ਦਾ ਸਬੰਧ ਮਹਾਭਾਰਤ ਕਾਲ ਤੋਂ ਦੱਸਿਆ ਜਾਂਦਾ ਹੈ। ਇਸ ਮੰਦਰ ਦਾ ਰਕਬਾ 11 ਵਿੱਘੇ ਵਿਚ ਫੈਲਿਆ ਹੋਇਆ ਹੈ। ਮੰਦਿਰ ਦੀ ਹੱਦ ਅੰਦਰ ਆਉਂਦੇ ਹੀ ਪ੍ਰੇਮੀ ਜੋੜੇ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਜੋ ਪ੍ਰੇਮੀ ਵਿਆਹ ਕਰਵਾਉਣ ਦੇ ਮਕਸਦ ਨਾਲ ਇਸ ਮੰਦਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਮਹਿਮਾਨਾਂ ਵਾਂਗ ਮੰਨਿਆ ਜਾਂਦਾ ਹੈ ਅਤੇ ਮੰਦਰ ਦੇ ਪੁਜਾਰੀ ਉਦੋਂ ਤੱਕ ਉਨ੍ਹਾਂ ਦੀ ਦੇਖਭਾਲ ਕਰਦੇ ਹਨ ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਦੋਵਾਂ ਦੇ ਵਿਆਹ ਲਈ ਸਹਿਮਤ ਨਹੀਂ ਹੁੰਦੇ।

ਇੱਥੋਂ ਦੇ ਲੋਕ ਅੱਜ ਵੀ ਆਪਣੇ ਵਿਰਸੇ ਦਾ ਪਾਲਣ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਵੀ ਇੱਥੇ ਪੁਲੀਸ ਦੇ ਆਉਣ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਸ਼ਰਾਬ, ਸਿਗਰਟ ਜਾਂ ਚਮੜੇ ਦਾ ਸਮਾਨ ਲਿਆਉਣ ਦੀ ਵੀ ਮਨਾਹੀ ਹੈ। ਇੱਥੇ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਵੀ ਮਨਾਹੀ ਹੈ।