ਬੈਂਗਲੁਰੂ| ਸਿਵਲ ਸਰਵਿਸਿਜ਼ ਪ੍ਰੀਖਿਆ 2022 ਵਿੱਚ 760ਵਾਂ ਰੈਂਕ ਹਾਸਲ ਕਰਨ ਵਾਲੀ ਅਖਿਲਾ ਬੀਐਸ ਨੇ ਅਪਾਹਜਤਾ ਨੂੰ ਆਪਣੀ ਸਫਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ । ਪੰਜ ਸਾਲ ਦੀ ਉਮਰ ਵਿੱਚ ਬੱਸ ਹਾਦਸੇ ਵਿੱਚ ਅਪਣੀ ਸੱਜੀ ਬਾਂਹ ਗਵਾਉਣ ਵਾਲੀ 28 ਸਾਲਾ ਅਖਿਲਾ ਨੇ ਮਿਸਾਲ ਪੇਸ਼ ਕਰਦਿਆਂ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਦਰਅਸਲ, 28 ਸਾਲਾ ਅਖਿਲਾ ਸਤੰਬਰ 2000 ਨੂੰ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਇਸ ਹਾਦਸੇ ਵਿੱਚ ਉਸ ਦੀ ਸੱਜੀ ਬਾਂਹ ਮੋਢੇ ਤੋਂ ਹੇਠਾਂ ਤੱਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਉਸ ਨੂੰ ਜਰਮਨੀ ਵਿੱਚ ਡਾਕਟਰਾਂ ਨਾਲ ਸਲਾਹ ਕਰਨ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਭਾਰਤ ਵਿੱਚ ਜਰਮਨੀ ਦੀ ਮੈਡੀਕਲ ਟੀਮ ਵੱਲੋਂ ਜਾਂਚ ਕਰਨ ਤੋਂ ਬਾਅਦ ਵੀ ਅਖਿਲਾ ਦੇ ਹੱਥ ਠੀਕ ਨਹੀਂ ਹੋਏ ਅਤੇ ਉਸ ਨੂੰ ਬਾਂਹ ਗਵਾਉਣੀ ਪਈ ।
ਆਈਆਈਟੀ ਮਦਰਾਸ ਤੋਂ ਇੰਟੀਗ੍ਰੇਟਡ MA ਕਰਨ ਤੋਂ ਬਾਅਦ ਉਸ ਨੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕੀਤੀ। ਅਖਿਲਾ ਦੀ ਇਹ ਤੀਜੀ ਕੋਸ਼ਿਸ਼ ਸੀ। ਉਸ ਨੇ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਪ੍ਰੀਲਿਮਜ਼ ਕਲੀਅਰ ਕਰ ਲਿਆ ਸੀ।
ਅਖਿਲਾ ਨੇ ਅਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਦੇ ਇੱਕ ਅਧਿਆਪਕ ਨੇ ਉਸ ਨੂੰ ਕੁਲੈਕਟਰ ਦੇ ਪੇਸ਼ੇ ਬਾਰੇ ਦੱਸਿਆ ਸੀ । ਇਸ ਤੋਂ ਬਾਅਦ ਅਖਿਲਾ UPSC ਦੀ ਪ੍ਰੀਖਿਆ ਦੀ ਤਿਆਰੀ ਕਰਨ ਲਈ ਪ੍ਰੇਰਿਤ ਹੋਈ। ਅਖਿਲਾ ਨੇ ਦੱਸਿਆ ਕਿ ਉਸ ਨੇ 2019 ਵਿੱਚ ਗ੍ਰੈਜੂਏਸ਼ਨ ਮਗਰੋਂ ਆਪਣੀ ਤਿਆਰੀ ਸ਼ੁਰੂ ਕੀਤੀ ਸੀ। ਉਸ ਨੇ 2020, 2021 ਅਤੇ 2022 ਵਿੱਚ ਪ੍ਰੀਖਿਆ ਦਿੱਤੀ ਸੀ।
ਅਖਿਲਾ ਨੇ ਦੱਸਿਆ ਕਿ ਉਸ ਨੇ ਬੈਂਗਲੌਰ ਦੇ ਇੱਕ ਇੰਸਟੀਚਿਊਟ ਤੋਂ ਇੱਕ ਸਾਲ ਦੇ ਲਈ ਕੋਚਿੰਗ ਹਾਸਿਲ ਕੀਤੀ । ਉਸ ਨੇ ਦੱਸਿਆ ਕਿ ਉਸਨੂੰ ਲੰਬੇ ਸਮੇਂ ਤੱਕ ਸਿੱਧਾ ਬੈਠਣਾ ਬਹੁਤ ਔਖਾ ਲੱਗਦਾ ਸੀ। ਪ੍ਰੀਖਿਆ ਵਿੱਚ ਲਗਾਤਾਰ ਤਿੰਨ ਚਾਰ ਘੰਟੇ ਬੈਠਣਾ ਇੱਕ ਔਖਾ ਕੰਮ ਬਣ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਤਿਆਰੀ ਅਤੇ ਪ੍ਰੀਖਿਆ ਦੌਰਾਨ ਖੱਬੇ ਹੱਥ ਦੀ ਵਰਤੋਂ ਕਰਨਾ ਅਤੇ ਪਿੱਠ ਦੇ ਦਰਦ ਨਾਲ ਲਗਾਤਾਰ ਬੈਠਣਾ ਇੱਕ ਸਖ਼ਤ ਚੁਣੌਤੀ ਸੀ। ਉਸਨੇ ਕਿਹਾ ਕਿ ਮੇਰਾ ਉਦੇਸ਼ IAS ਬਣਨਾ ਸੀ ਤੇ ਮੈਂ ਸੋਚਿਆ ਸੀ ਕਿ ਜਦ ਤੱਕ ਸਫ਼ਲਤਾ ਨਹੀਂ ਮਿਲਦੀ ਉਦੋਂ ਤੱਕ ਮੈਂ ਕੋਸ਼ਿਸ਼ ਜਾਰੀ ਰੱਖਾਂਗੀ।