ਬਰਖ਼ਾਸਤ ਕੀਤੇ PPS ਅਫਸਰ ਰਾਜਜੀਤ ਸਿੰਘ ਖਿਲਾਫ ਲੁੱਕ ਆਊਟ ਨੋਟਿਸ ਜਾਰੀ

0
152

ਚੰਡੀਗੜ੍ਹ| ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮਾਮਲੇ ‘ਚ ਬਰਖ਼ਾਸਤ ਕੀਤੇ ਗਏ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਦ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ਼ ਸਰੋਤਾਂ ਤੋਂ ਵੱਧ ਆਮਦਨ ਮਾਮਲੇ ਵਿੱਚ ਪੜਤਾਲ ਆਰੰਭ ਦਿੱਤੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਰਾਜਜੀਤ ਸਿੰਘ ਖਿਲਾਫ਼ ਜਾਂਚ ਲਈ ਲੋੜੀਂਦਾ ਪੱਤਰ ਬਿਊਰੋ ਨੂੰ ਭੇਜ ਦਿੱਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਜਲਦੀ ਪੜਤਾਲ ਮੁਕੰਮਲ ਕੀਤੀ ਜਾਵੇਗੀ।

ਵਿਜੀਲੈਂਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰੋਤਾਂ ਨਾਲੋਂ ਵੱਧ ਆਮਦਨ ਮਾਮਲੇ ਵਿਚ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਤੇ ਹੋਰ ਅਸਾਸਿਆਂ ਦੀ ਜਾਂਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਦੀਆਂ ਮੁਹਾਲੀ ਤੇ ਹੋਰ ਥਾਵਾਂ ’ਤੇ ਜਾਇਦਾਦਾਂ ਦਾ ਪਤਾ ਲੱਗਾ ਹੈ। ਇਸ ਵੇਲੇ ਰਾਜਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।

ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕਰਦਿਆਂ PPS ਰਾਜਜੀਤ ਸਿੰਘ ਨੂੰ ਨਾਮਜ਼ਦ ਕਰਨ ਦੇ ਹੁਕਮ ਦਿੱਤੇ ਸਨ ਅਤੇ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।