ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਕਾਊਂਸਲ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪੱਖੋਂ ਚੰਡੀਗੜ੍ਹ ਪੁਲਿਸ ਤੇ ਸਕਿਓਰਿਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ। ਉਧਰ, ਵਿਦਿਆਰਥੀ ਚੋਣਾਂ ਵਿੱਚ ਵੀ ਖੂਬ ਸ਼ਰਾਬ ਚੱਲ ਰਹੀ ਹੈ। ਇੱਥੋਂ ਤੱਕ ਕਿ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੋਡ ਪਰਚੀਆਂ ਰਾਹੀਂ ਸ਼ਰਾਬ ਵੰਡੀ ਗਈ ਹੈ। ਜੀਜੀਡੀ ਐਸਡੀ ਕਾਲਜ ਵਿੱਚ ਇੱਕ ਧਿਰ ਵੱਲੋਂ ਵਿਦਿਆਰਥੀਆਂ ਨੂੰ ਸ਼ਰਾਬ ਦੀ ਵਿਕਰੀ ਲਈ ਕੋਡ ਵਰਡ ਦੀਆਂ ਪਰਚੀਆਂ ਵੰਡੀਆਂ ਗਈਆਂ। ਸੂਤਰਾਂ ਅਨੁਸਾਰ ਸ਼ਰਾਬ ਦੀਆਂ ਪੇਟੀਆਂ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਿੱਤੀਆਂ ਗਈਆਂ ਹਨ ਜੋ ਵੱਡੇ ਸਮੂਹ ਵਿੱਚ ਵਿਚਰਦੇ ਰਹੇ ਹਨ। ਅਜਿਹੀ ਹੀ ਹੋਰ ਕਾਲਜਾਂ ਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਵਿੱਚ ਵੀ ਹੋਇਆ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਬਲੈਂਡਰ ਪ੍ਰਾਈਡ ਤੇ ਸਿਗਨੇਚਰ ਦੀਆਂ ਪਰਚੀਆਂ ਵੰਡੀਆਂ ਗਈਆਂ। ਖਾਸ ਗੱਲ ਇਹ ਰਹੀ ਕਿ ਇਸ ਵਾਰ ਕਈ ਵਿਦਿਆਰਥੀ ਆਗੂਆਂ ਨੂੰ ਸ਼ਰਾਬ ‘ਬਲੈਕ ਐਂਡ ਵਾਈਟ’ ਦੀ ਦਿੱਤੀ ਗਈ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਜਮਾਤ ਦੇ ਮੋਹਰੀ ਵਿਦਿਆਰਥੀਆਂ ਨੂੰ ਹੀ ਬੋਤਲਾਂ ਵੰਡੀਆਂ ਗਈਆਂ ਹਨ। ਠੇਕੇ ਵਾਲਿਆਂ ਦਾ ਵੀ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਖਾਸ ਬਰਾਂਡ ਦੀ ਵਿਕਰੀ 20 ਫੀਸਦੀ ਤਕ ਵੱਧ ਗਈ ਹੈ।